ਭਾਜਪਾ ਦੀ ਸਿਆਸੀ ਟਿੰਡ ’ਚ ਪਾਇਆ ਕਿਸਾਨਾਂ ਨੇ ਕਾਨਾ-ਕਹਿੰਦੇ ਹੁਣ ਨਹੀਂ ਚੱਲਣਾ ਕੋਈ ਬਹਾਨਾ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2022:ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੀ ਕਿਸਾਨ ਜੰਗ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਾਂ ਕਰਨ ਕਾਰਨ ਭੜਕੇ ਕਿਸਾਨਾਂ ਨੇ ਭਾਜਪਾ ਆਗੂਆਂ ਅਤੇ ਲੋਕ ਸਭਾ ਚੋਣਾਂ ਮੌਕੇ ਬਣੇ ਉਮੀਦਵਾਰਾਂ ਨੂੰ ਪਿੰਡਾਂ ’ਚ ਸੋਚ ਸਮਝ ਕੇ ਪੈਰ ਪਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਪੰਜਾਬ ਦੀਆਂ ਕਿਸਾਨ ਧਿਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ ਦੇ ਬਾਰਡਰਾਂ ਤੇ ਕੀਤੀ ਗਈ ਮੋਰਚਾਬੰਦੀ ਕਾਰਨ ਮੋਦੀ ਸਰਕਾਰ ਖਿਲਾਫ ਪੈਦਾ ਹੋਇਆ ਲੋਕ ਰੋਹ ਹੁਣ ਪੰਜਾਬ ’ਚ ਨਵੀਂ ਸਵੇਰ ਦਾ ਸੁਨੇਹਾ ਬਣਨ ਲੱਗਾ ਹੈ ਜਿਸ ਤਹਿਤ ਪਿੰਡ-ਪਿੰਡ ’ਚ ਜੂਹਾਂ ’ਤੇ ‘ਚਿਤਾਵਨੀ ਬੋਰਡ’ ਲੱਗਣ ਲੱਗੇ ਹਨ। ਇੰਨ੍ਹਾਂ ਚਿਤਾਵਨੀ ਬੋਰਡਾਂ ’ਚ ਭਾਜਪਾ ਆਗੂਆਂ ਦਾ ਦਾਖਲਾ ਬੰਦ ਕਰਨ ਦੀ ਗੱਲ ਆਖੀ ਗਈ ਹੈ ਅਤੇ ਕਈ ਫਲੈਕਸਾਂ ਤੇ ਭਾਜਪਾ ਤੋਂ ਸਵਾਲ ਵੀ ਪੁੱਛੇ ਗਏ ਹਨ।
ਮਲਵਈ ਪਿੰਡਾਂ ਨੇ ਪਹਿਲਕਦਮੀ ਕਰਦਿਆਂ ਵੱਡੀ ਗਿਣਤੀ ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਏ ਜਾਣ ਦੇ ਫ਼ੈਸਲੇ ਲਏ ਹਨ। ਕਿਸਾਨਾਂ ਦੀ ਕਰੀਬ ਚਾਰ ਸਾਲ ਪੁਰਾਣੀ ਔਖ ਹੁਣ ਉੱਭਰ ਕੇ ਬਾਹਰ ਆਉਣ ਲੱਗੀ ਹੈ। ਜਾਣਕਾਰੀ ਅਨੁਸਾਰ ਮਾਲਵੇ ਵਿੱਚ ਸਵਾ ਸੌ ਤੋਂ ਵੱਧ ਪਿੰਡਾਂ ਵਿੱਚ ਭਾਜਪਾ ਲਈ ‘ਚਿਤਾਵਨੀ ਬੋਰਡ’ ਲੱਗ ਚੁੱਕੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ। ਕਈ ਪਿੰਡਾਂ ’ਚ ਅਜਿਹੇ ਵੀ ਬੋਰਡ ਲੱਗੇ ਹਨ ਜਿੰਨ੍ਹਾਂ ’ਚ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਬਾਈਕਾਟ ਦੇ ਘੇਰੇ ’ਚ ਰੱਖਿਆ ਗਿਆ ਹੈ ਅਤੇ ਕਿਧਰੇ ਸਿਰਫ ਬੀਜੇਪੀ ਆਗੂਆਂ ਨੂੰ ਪਿੰਡ ਦੀ ਜੂਹ ’ਚ ਪੈਰ ਨਾ ਪਾਉਣ ਦੀ ਨਸੀਹਤ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ‘ਚੌਕਸੀ ਬੋਰਡ’ ਲਾਉਣ ਵਿੱਚ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਇਸ ਕੰਮ ’ਚ ਮੋਹਰੀ ਬਣਦਾ ਦਿਖਾਈ ਦੇ ਰਿਹਾ ਹੈ।
ਇਹ ਉਹ ਜਿਲ੍ਹਾ ਹੈ ਜਿੱਥੇ ਰੋਜਾਨਾਂ ਹੀ ਕਿਸੇ ਨਾਂ ਕਿਸੇ ਪਿੰਡ ’ਚ ਮੋਦੀ ਸਰਕਾਰ ਖਿਲਾਫ ਰੋਸ ਚਿਤਾਵਨੀ ਬੋਰਡਾਂ ਦੇ ਰੂਪ ’ਚ ਦਿਖਾਈ ਦੇਣ ਲੱਗਿਆ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦਾ ਗਿੱਦੜਬਾਹਾ ਹਲਕਾ ਸਭ ਤੋਂ ਅੱਗੇ ਹੈ ਜਿੱਥੇ ਹੁਣ ਤੱਕ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਬਾਈਕਾਟ ਦਾ ਫ਼ੈਸਲਾ ਹੋ ਚੁੱਕਾ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਛੱਤੇਆਣਾ ’ਚ ਤਾਂ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂਆਂ ਨੇ ਕਿਸਾਨੀ ਅਤੇ ਸ਼ੰਭੂ ਬਾਰਡਰ ਤੇ ਸ਼ਹੀਦ ਹੋਏ ਪਿੰਡ ਬੱਲ੍ਹੋ ਦੇ ਨੌਜਵਾਨ ਕਿਸਾਨ ਸ਼ਭਕਰਨ ਸਿੰਘ ਨਾਲ ਜੁੜੀਆਂ ਮੰਗਾਂ ਵਾਲੇ ‘ਸਾਡਾ ਕੀ ਕਸੂਰ’ ਨਾਂ ਦੇ ਪੋਸਟਰ ਲਾਏ ਹਨ। ਪਿੰਡ ਕੋਟਭਾਈ ’ਚ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਬਾਈਕਾਟ ਦਾ ਐਲਾਨ ਕਰਦਿਆਂ ਮਾੜੀ ਘਟਨਾ ਵਾਪਰਨ ਦੀ ਸੂਰਤ ’ਚ ਜਿੰਮੇਵਾਰ ਨਾਂ ਹੋਣ ਦੀ ਚਿਤਾਵਨੀ ਵੀ ਦਿੱਤੀ ਹੈ।
ਬਠਿੰਡਾ ਜਿਲ੍ਹੇ ਦੇ ਪਿੰਡ ਰਾਮਗੜ੍ਹ ਭੂੰਦੜ ’ਚ ਪਿੰਡ ਵਾਸੀਆਂ ਨੇ ਟੇਲਾਂ ਤੇ ਪਾਣੀ ਨਾਂ ਆਉਣ ਅਤੇ ਪਿੰਡ ਦੇ ਸਾਂਝੇ ਮਸਲੇ ਹੱਲ ਨਾਂ ਹੋਣ ਕਰਕੇ ਇਕੱਤਰ ਹੋਕੇ ਸਿਆਸੀ ਅਤੇ ਅਜਾਦ ਤੌਰ ਤੇ ਮੈਦਾਨ ’ਚ ਨਿਤਰਨ ਵਾਲੇ ਲੀਡਰਾਂ ਦੀ ਵੀ ਪਿੰਡ ’ਚ ਆਉਣ ਤੇ ਰੋਕ ਲਗਾ ਦਿੱਤੀ ਹੈ। ਮੁਕਤਸਰ ਜਿਲ੍ਹੇ ਦੇ ਪਿੰਡ ਭਾਰੂ ’ਚ ਵੀ ਇਹ ਲਹਿਰ ਜੋਰਾਂ ਤੇ ਹੈ। ਪਿੰਡ ਦੌਲਾ ’ਚ ਤਾਂ ਭਾਜਪਾ ਜਾਂ ਬੀਜੇਪੀ ਲਈ ਵੋਟਾਂ ਮੰਗਣ ਲਈ ਆਉਣ ਵਾਲੇ ਲੀਡਰਾਂ ਦੇ ਦਾਖਲੇ ਦੀ ਮਨਾਹੀ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਗੁਰਸੇਵਕ ਸਿੰਘ ਦੌਲਾ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਬਲਕਿ ਪੰਜਾਬ ਦੇ ਬਾਰਡਰਾਂ ਤੇ ਕਿਸਾਨਾਂ ਉਪਰ ਜੁਲਮ ਢਾਹਿਆ ਹੈ ਜਿਸ ਨੂੰ ਦੇਖਦਿਆਂ ਭਾਜਪਾ ਦਾ ਮੁਕੰਮਲ ਬਾਈਕਟ ਕੀਤਾ ਹੈ।
ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਸਿਰਫ਼ ਭਾਜਪਾ ਆਗੂਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਅਤੇ ਬਾਕੀ ਸਿਆਸੀ ਧਿਰਾਂ ਨੂੰ ਸਿਰਫ਼ ਸੁਆਲ ਪੁੱਛਣ ਦੀ ਗੱਲ ਆਖੀ ਹੈ। ਪਿੰਡ ਏਨੇ ਜਾਗ ਪਏ ਹਨ ਕਿ ਸਿਆਸੀ ਲੋਕਾਂ ਦੀਆਂ ਮੁਸ਼ਕਲਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਹਨ। ਖ਼ਾਸ ਕਰਕੇ ਨੌਜਵਾਨ ਤਬਕਾ ਤਾਂ ਸਿਆਸੀ ਧਿਰਾਂ ਤੋਂ ਕਾਫੀ ਔਖਾ ਹੈ ਜਿਸ ਨੇ ਲੀਡਰਾਂ ਦੇ ਬਾਈਕਾਟ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।ਮੁਕਤਸਰ ਦੇ ਪਿੰਡ ਮਧੀਰ,ਸਾਹਿਬ ਚੰਦ ਅਤੇ ਭਾਰੂ ’ਚ ਚਿਤਾਵਨੀ ਪੋਸਟਰ ਲੱਗੇ ਹਨ, ਜਿਨ੍ਹਾਂ ਸਿਆਸੀ ਲੀਡਰਾਂ ਨੂੰ ਤਾੜਨਾ ਕੀਤੀ ਗਈ ਹੈ। ਸੰਵਰੂਰ ਜਿਲ੍ਹੇ ਦੇ ਪਿੰਫ ਨਮੋਲ ਤੋਂ ਇਲਾਵਾ ਹੋਰ ਪਿੰਡਾਂ ਨੇ ਵੀ ਅਜਿਹੇ ਫ਼ੈਸਲੇ ਹੋਏ ਹਨ। ਕਿਸਾਨ ਨੇਤਾ ਆਖਦੇ ਹਨ ਕਿ ਪੇਂਡੂ ਜਵਾਨੀ ਤੇ ਕਿਸਾਨੀ ’ਚ ਸਭਨਾਂ ਸਿਆਸਤਦਾਨਾਂ ਪ੍ਰਤੀ ਬਹੁਤ ਗ਼ੁੱਸਾ ਹੈ ਕਿ ਉਨ੍ਹਾਂ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ ਹੈ।
ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਨੇ ਇਕੱਠ ਕਰਕੇ ਪਿੰਡਾਂ ਦੇ ਮੁੱਖ ਰਸਤਿਆਂ ’ਤੇ ਫਲੈਕਸ ਲਾਏ ਹਨ ਤਾਂ ਜੋ ਕੋਈ ਭਾਜਪਾ ਆਗੂ ਪਿੰਡ ਵਿੱਚ ਦਾਖਲ ਹੋਣ ਦੀ ਹਿੰਮਤ ਨਾ ਦਿਖਾ ਸਕੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤੋਂ ਇਹ ਫ਼ੈਸਲਾ ਹੋਇਆ ਹੈ, ਉਦੋਂ ਤੋਂ ਕਿਸੇ ਭਾਜਪਾ ਨੇਤਾ ਨੇ ਪਿੰਡਾਂ ਵੱਲ ਮੂੰਹ ਕਰਨ ਦੀ ਹਿੰਮਤ ਨਹੀਂ ਦਿਖਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਭਾਜਪਾ ਆਗੂਆਂ ਨੂੰ ਪਿੰਡ ’ਚ ਵੋਟਾਂ ਖਾਤਰ ਕਿਸ ਤਰਾਂ ਆਉਣ ਜਾਣ ਦੀ ਇਜਾਜ਼ਤ ਦੇ ਸਕਦੇ ਹਨ। ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਤਾਂ ਸੋਮਵਾਰ ਨੂੰ ਰਾਮਪੁਰਾ ’ਚ ਹੋਏ ਤਿੱਖੇ ਵਿਰੋਧ ਕਾਰਨ ਅੱਜ ਆਪਣਾ ਜੈਤੋ ਦਾ ਦੌਰਾ ਰੱਦ ਕਰਨਾ ਪਿਆ ਹੈ।
ਖੇਤੀ ਕਾਨੂੰਨਾਂ ਦੀ ਜਾਗ ਦਾ ਅਸਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਨੇ ਉਹ ਲੋਕ ਜਗਾ ਦਿੱਤੇ ਹਨ, ਜਿਨ੍ਹਾਂ ਨੂੰ ਹਕੂਮਤਾਂ ਨੇ ਦੁਸ਼ਵਾਰੀਆਂ ਦੀ ਜਕੜ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨੀ ਸੰਘਰਸ਼ ਨੇ ਪੰਜਾਬ ਨੂੰ ਨਵੀਂ ਦਿਸ਼ਾ ਦੇਣੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਲਹਿਰ ਜ਼ੋਰ ਫੜ ਗਈ ਤਾਂ ਚੋਣ ਪ੍ਰਚਾਰ ਲਈ ਭਾਜਪਾ ਨੇਤਾਵਾਂ ਨੂੰ ਨਿਕਲਣਾ ਔਖਾ ਹੋ ਜਾਵੇਗਾ।