ਰਾਤ ਨੂੰ ਹੋਟਲ ਦੇ ਕਮਰੇ ’ਚ ਕੁੜੀ ਨੇ ਮੁੰਡੇ ਨੂੰ ਕੀਤਾ ਗੰਭੀਰ ਰੂਪ 'ਚ ਜ਼ਖ਼ਮੀ
ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2024: ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਇੱਕ ਹੋਟਲ ਵਿੱਚ ਰਾਤ ਵਕਤ ਇੱਕ ਲੜਕੀ ਨੇ ਨੌਜਵਾਨ ਲੜਕੇ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸਨੂੰ ਇਲਾਜ ਲਈ ਏਮਜ਼ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੰਡੇ ਦੇ ਜਿਸਮ ਖਾਸ ਕਰਕੇ ਧੌਣ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲੇ ਦੇ ਨਿਸ਼ਾਨ ਸਨ ਅਤੇ ਉਹ ਲਹੂ-ਲੁਹਾਣ ਹਾਲਤ ’ਚ ਸੀ। ਇਸ ਸਬੰਧ ’ਚ ਸੋਮਵਾਰ ਨੂੰ ਮੁੰਡੇ ਦੇ ਨਾਲ ਆ ਕੇ ਹੋਟਲ ’ਚ ਠਹਿਰੀ ਲੜਕੀ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। ਇਸ ਦੀ ਪੁਸ਼ਟੀ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਕਰਦਿਆਂ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹੋਟਲ ਵਿੱਚ ਇਕ ਮੁੰਡਾ ਅਤੇ ਕੁੜੀ ਰਾਤ ਨੂੰ ਆ ਕੇ ਠਹਿਰੇ ਅਤੇ ਉਹ ਦਿਨ ਭਰ ਕਮਰੇ ’ਚ ਹੀ ਰਹੇ। ਰਾਤ ਸਮੇਂ ਅਚਾਨਕ ਕਮਰੇ ’ਚੋਂ ਜਦੋਂ ਉੱਚੀ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਹੋਟਲ ਦਾ ਅਮਲਾ ਕਮਰੇ ’ਚ ਗਿਆ। ਸਮਾਜਿਕ ਸੰਸਥਾ ਸਹਾਰਾ ਜਨ ਸੇਵਾ ਦੇ ਸੰਦੀਪ ਗੋਇਲ ਅਨੁਸਾਰ ਜਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਅੱਜ ਸੁਵਖ਼ਤੇ ਕਰੀਬ ਵਜੇ ਉਹ ਹੋਟਲ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਪੀਸੀਆਰ ਟੀਮ ਵੀ ਉਥੇ ਮੌਜੂਦ ਸੀ।
ਉਨ੍ਹਾਂ ਵੇਖਿਆ ਕਿ ਇੱਕ ਮੁੰਡਾ ਜ਼ਖ਼ਮੀ ਹਾਲਤ ’ਚ ਲਹੂ-ਲੁਹਾਣ ਬੈੱਡ ’ਤੇ ਪਿਆ ਸੀ ਅਤੇ ਇੱਕ ਲੜਕੀ ਉਸ ਦੇ ਕੋਲ ਖ਼ਾਮੋਸ਼ ਬੈਠੀ ਸੀ। ਜ਼ਖ਼ਮੀ ਮੁੰਡੇ ਨੂੰ ਸਹਾਰਾ ਸੰਸਥਾ ਦੇ ਵਾਲੰਟੀਅਰਾਂ ਵੱਲੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੱਗੇ ਏਮਸ ਬਠਿੰਡਾ ’ਚ ਰੈਫ਼ਰ ਕਰ ਦਿੱਤਾ ਗਿਆ। ਦੱਸਣ ਮੁਤਾਬਿਕ ਲੜਕੇ ਦੇ ਜਿਸਮ ’ਤੇ ਤੇਜ਼ਧਾਰ ਚੀਜ਼ ਵੱਜਣ ਦੇ ਜ਼ਖ਼ਮ ਸਨ ਅਤੇ ਉੁਸ ਦੀਆਂ ਕਾਫੀ ਨਾੜਾਂ ਕੱਟੀਆਂ ਹੋਣ ਕਰਕੇ ਲਹੂ ਨਾਲ ਲੱਥ-ਪੱਥ ਸੀ। ਪੁਲੀਸ ਵੱਲੋਂ ਲੜਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਐਸਐਚਓ ਮੁਤਾਬਿਕ ਲੜਕੇ ਦੀ ਹਾਲਤ ਸਥਿਰ ਹੈ ਅਤੇ ਉਸ ਦੇ ਬਿਆਨਾਂ ਲੈਣ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਜਣਿਆਂ ਦੇ ਝਗੜੇ ਦੀ ਵਜ੍ਹਾ ਕੀ ਸੀ? ਇਹ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਂਜ ਲੜਕਾ ਤੇ ਲੜਕੀ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ।