ਨੱਢਾ ਨਾਲ ਮਿਲਣੀ ਨੇ ਭਾਜਪਾ ’ਚ ਪੁਆੜਾ ਪਾਇਆ - ਬਠਿੰਡਾ ’ਚ ਰੋਸ ਦਾ ਮਹੌਲ
ਅਸ਼ੋਕ ਵਰਮਾ
ਬਠਿੰਡਾ, 10 ਅਪਰੈਲ2024:ਦੋ ਦਿਨ ਪਹਿਲਾਂ ਕੁੱਝ ਭਾਜਪਾ ਆਗੂਆਂ ਵੱਲੋਂ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨਾਲ ਬਠਿੰਡਾ ਹਵਾਈ ਅੱਡੇ ਤੇ ਕੀਤੀ ਮੁਲਾਕਾਤ ਨੇ ਪਾਰਟੀ ’ਚ ਪੁਆੜਾ ਪਾ ਦਿੱਤਾ ਹੈ। ਇਸ ਮੁੱਦੇ ਨੂੰ ਲੈਕੇ ਪਾਰਟੀ ਦੇ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕੁੱਝ ਆਗੂਆਂ ’ਚ ਬਣੀ ਵੱਡੀ ਨਰਾਜ਼ਗੀ ਲੋਕ ਸਭਾ ਚੋਣਾਂ ਮੌਕੇ ਬੀਜੇਪੀ ਦੀ ਸਿਆਸੀ ਸਿਹਤ ਲਈ ਨੁਕਸਾਨ ਦੇਹ ਸਾਬਤ ਹੋ ਸਕਦੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਜਾਣ ਲਈ ਜੇਪੀ ਨੱਢਾ ਸੰਗਰੀਆ ਤੋਂ ਆਉਂਦਿਆਂ ਬਠਿੰਡਾ ਹਵਾਈ ਅੱਡੇ ਤੇ ਕੁੱਝ ਦੇਰ ਲਈ ਰੁਕੇ ਸਨ ਜਿੱਥੇ ਉਨ੍ਹਾਂ ਨੂੰ ਮਿਲਣ ਲਈ ਪਾਰਟੀ ਦੇ ਜਰਨਲ ਸਕੱਤਰ ਦਿਆਲ ਦਾਸ ਸੋਢੀ, ਸੂਬਾ ਮੀਡੀਆ ਕਨਵੀਨਰ ਤੇ ਬਠਿੰਡਾ ਨਿਵਾਸੀ ਸੁਨੀਲ ਸਿੰਗਲਾ, ਸ਼ਹਿਰੀ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਅਤੇ ਬੀਜੇਪੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਪੁੱਜੇ ਸਨ।
ਹਾਲਾਂਕਿ ਇਸ ਮੁਲਾਕਾਤ ਦੇ ਕੋਈ ਵੀ ਕਾਰਨ ਹੋਣ ਪਰ ਹਰ ਔਖ ਸੌਖ ’ਚ ਪਾਰਟੀ ਨਾਲ ਖੜ੍ਹਨ ਵਾਲੇ ਆਗੂਆਂ ਔਖੇ ਹਨ ਕਿ ਉਹ ਆਪਣੇ ਪ੍ਰਧਾਨ ਨੂੰ ਕਿੳਂ ਨਹੀਂ ਮਿਲ ਸਕਦੇ। ਦਿਲਚਸਪ ਪਹਿਲੂ ਹੈ ਕਿ ਇਹ ਅੰਦਰੂਨੀ ਖਿੱਚੋਤਾਣ ਐਨ ਉਸ ਵਕਤ ਸ਼ੁਰੂ ਹੋਈ ਹੈ ਜਦੋਂ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਆਪਣੀ ਬੇੜੀ ਨੂੰ ਤਣ ਪੱਤਣ ਲਾਉਣ ਲਈ ਕਾਫੀ ਮੁਸ਼ਕਿਲਾਂ ਭਰੇ ਦੌਰ ਚੋਂ ਲੰਘ ਰਹੀ ਹੈ। ਇੰਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਤਾਂ ‘ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਰੈਲੀਆਂ ਲਈ ਇਕੱਠ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਦੀ ਬਾਂਹ ਵੇਲਣੇ ’ਚ ਫਸਾ ਦਿੱਤੀ ਜਾਂਦੀ ਹੈ ਪਰ ਅਜਿਹੇ ਮੌਕਿਆਂ ਤੇ ਉਹ ਖੁੱਡੇ ਲਾਈਨ ਲਾ ਦਿੱਤੇ ਜਾਂਦੇ ਹਨ। ਇੱਕ ਆਗੂ ਨੇ ਕਿਹਾ ਕਿ ਜੇਕਰ ਉਹ ਕੌਮੀ ਪ੍ਰਧਾਨ ਨੂੰ ਮਿਲਦੇ ਤਾਂ ਉਹਨਾਂ ਦਾ ਹੌਸਲਾ ਹੀ ਵਧਣਾ ਸੀ ਪਰ ਹੁਣ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵੀ ਪੰਜਾਬ ’ਚ ਖੇਤੀ ਕਾਨੂੰਨਾਂ ਕਾਰਨ ਬਣੀ ਨਰਾਜ਼ਗੀ ਤੋਂ ਬਾਅਦ ਭਾਜਪਾ ਨੂੰ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਫਿਰ ਵੀ ਮੈਦਾਨ ’ਚ ਡਟੇ ਹੋਏ ਹਨ । ਉਨ੍ਹਾਂ ਦੱਸਿਆ ਕਿ ਵੱਡੇ ਆਗੂ ਕੁੱਝ ਵੀ ਕਹਿਣ ਕਿਸਾਨਾਂ ਦੇ ਡਰ ਕਾਰਨ ਪੇਂਡੂ ਖੇਤਰ ’ਚ ਪਾਰਟੀ ਦੀਆਂ ਅਹਿਮ ਸਰਗਰਮੀਆਂ ਪੂਰੀ ਤਰਾਂ ਠੱਪ ਪਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਤਰਾਂ ਚੋਣ ਮੈਦਾਨ’ਚ ਉੱਤਰਿਆ ਜਾਏਗਾ। ਵੱਡੀ ਗੱਲ ਇਹ ਵੀ ਹੈ ਕਿ ਪਾਰਟੀ ਲੀਡਰਸ਼ਿਪ ਪ੍ਰਤੀ ਇਹ ਨਰਾਜ਼ਗੀ ਕਿਸੇ ਇੱਕ ਅੱਧੇ ਦੀ ਨਹੀਂ ਬਲਕਿ ਇੱਕ ਦਰਜਨ ਤੋਂ ਵੱਧ ਸ਼ਹਿਰੀ ਆਗੂਆਂ ਨੇ ਇਸ ਮਿਲਣੀ ਨੂੰ ਲੈਕੇ ਰੋਸ ਜਤਾਇਆ ਹੈ। ਇਸੇ ਤਰਾਂ ਹੀ ਦਿਹਾਤੀ ਹਲਕਿਆਂ ਵਿੱਚ ਵੀ ਕਈ ਨੇਤਾ ਆਪਣੇ ਭਰੇ ਪੀਤੇ ਬੈਠੇ ਹਨ ਜਿੰਨ੍ਹਾਂ ਸੀਨੀਅਰ ਆਗੂਆਂ ਵੱਲੋਂ ਇਸ ਤਰਾਂ ਨਜ਼ਰ ਅੰਦਾਜ਼ ਕਰਨਾ ਚੰਗਾ ਨਹੀਂ ਲੱਗਿਆ ਹੈ।
ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਭਾਵੇ ਭਾਜਪਾ ਆਗੂ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਅਹਿਮ ਸਿਆਸੀ ਹਲਕਿਆਂ ਦੀ ਗੱਲ ਨੂੰ ਸੱਚ ਮੰਨ ਲਿਆ ਜਾਵੇ ਤਾਂ ਹਾਲ ਦੀ ਘੜੀ ਭਗਵਾ ਪਾਰਟੀ ’ਚ ਸਭ ‘ਅੱਛਾ’ ਦਿਖਾਈ ਨਹੀਂ ਦੇ ਰਿਹਾ ਹੈ। ਇੱਕ ਬੂਥ ਪੱਧਰੀ ਨੇਤਾ ਦਾ ਕਹਿਣਾ ਸੀ ਕਿ ਅਸਲ ’ਚ ਪੰਜਾਬ ਦੇ ਸਿਆਸੀ ਨਕਸ਼ੇ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ’ਚ ਦਲਬਦਲੂਆਂ ਦੀ ਚਾਂਦੀ ਬਣੀ ਹੋਈ ਹੈ ਅਤੇ ਟਕਸਾਲੀ ਵਰਕਰਾਂ ਨੂੰ ਖੂੰਜੇ ਲਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਜਪਾ ਵਰਗੀ ਅਨੁਸ਼ਾਸ਼ਿਤ ਪਾਰਟੀ ਵੀ ਇਸ ਵਰਤਾਰੇ ਤੋਂ ਅਛੂਤੀ ਨਹੀਂ ਰਹੀ ਹੈ। ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਕਿ ਇਸ ਤਰਾਂ ਆਪਸ ਵਿੱਚ ਕੁੜੱਤਣ ਭਰਿਆ ਮਹੌਲ ਬਣ ਜਾਣ ਕਾਰਨ ਪਾਰਟੀ ਨੂੰ ਚੋਣ ਪ੍ਰਚਾਰ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਟਕਸਾਲੀ ਬਨਾਮ ਜੁਗਾੜੀ ਦੀ ਘੁਸਰ-ਮੁਸਰ
ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਅਸਲ ’ਚ ਏਦਾਂ ਦਾ ਗੁੱਸਾ ਗਿਲਾ ਪਹਿਲਾਂ ਵੀ ਚੱਲਦਾ ਸੀ ਪਰ ਜਦੋਂ ਤੋਂ ਦੂਸਰੀਆਂ ਪਾਰਟੀਆਂ ਦੇ ਆਗੂਆਂ ਦਾ ਭਾਜਪਾ ’ਚ ਦਾਖਲਾ ਸ਼ੁਰੂ ਹੋਇਆ ਹੈ ਉਸ ਨੇ ਲੜਾਈ ਟਕਸਾਲੀ ਬਨਾਮ ਦਲਬਦਲੂਆਂ ਵਿਚਕਾਰ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਦੀ ਗੱਲ ਨਹੀਂ ਪਿਛਲੇ ਲੰਬੇ ਸਮੇਂ ਤੋਂ ਭਾਜਪਾ ‘ਚ ਘੁਸਰ-ਮੁਸਰ ਚੱਲ ਰਹੀ ਹੈ ਕਿ ਦਲ ਬਦਲਣ ਵਾਲੇ ਅਤੇ ਜੁਗਾੜੀ ਬੰਦੇ ਚਾਂਦੀ ਕੁੱਟ ਰਹੇ ਹਨ। ਦੱਸਣਯੋਗ ਹੈ ਕਿ ਨੱਢਾ ਨੂੰ ਮਿਲਣ ਵਾਲਿਆਂ ’ਚ ਸਰੂਪ ਚੰਦ ਸਿੰਗਲਾ , ਜਗਦੀਪ ਨਕਈ ਅਤੇ ਰਵੀਪ੍ਰੀਤ ਸਿੱਧੂ ਨੇ ਹੋਰਨਾਂ ਪਾਰਟੀਆਂ ਤੋਂ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ ਜਦੋਂਕਿ ਸੁਨੀਲ ਸਿੰਗਲਾ ਅਤੇ ਦਿਆਲ ਦਾਸ ਸੋਢੀ ਪਾਰਟੀ ਦੇ ਟਕਸਾਲੀ ਲੀਡਰ ਹਨ।
ਨਰਾਜ਼ਗੀ ਦੀ ਗੱਲ ਬੇਬੁਨਿਆਦ :ਸਿੰਗਲਾ
ਭਾਜਪਾ ਬਠਿੰਡਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਖੁਦ ਨਹੀਂ ਗਏ ਬਲਕਿ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹੀ ਉਨ੍ਹਾਂ ਸਾਰਿਆਂ ਨੂੰ ਮਿਲਣ ਲਈ ਸੱਦਿਆ ਸੀ ।ਉਨ੍ਹਾਂ ਕਿਹਾ ਕਿ ਇਹ ਵਰਕਰਾਂ ਨੂੰ ਮਿਲਣ ਜਾਂ ਮੀਟਿੰਗ ਕਰਨ ਦਾ ਪ੍ਰੋਗਰਾਮ ਵੀ ਨਹੀਂ ਸੀ ਜਿੱਥੇ ਸਾਰਿਆਂ ਨੂੰ ਲਿਜਾਇਆ ਜਾਂਦਾ। ਉਨ੍ਹਾਂ ਕਿਹਾ ਕਿ ਸ੍ਰੀ ਨੱਢਾ ਨਾਲ ਚੋਣਾਂ ਅਤੇ ਪਾਰਟੀ ਨੂੰ ਮਜਬੂਤ ਕਰਨ ਸਬੰਧੀ ਚਰਚਾ ਹੋਈ ਹੈ। ਉਨ੍ਹਾਂ ਇਸ ਮੁੱਦੇ ਨੂੰ ਲੈਕੇ ਪਾਰਟੀ ਆਗੂਆਂ ’ਚ ਕਿਸੇ ਕਿਸਮ ਦੀ ਨਰਾਜ਼ਗੀ ਦੀ ਗੱਲ ਨੂੰ ਪੂਰੀ ਤਰਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮੂਹ ਆਗੂ ਪੂਰੀ ਇੱਕਜੁਟਤਾ ਨਾਲ ਮਿਸ਼ਨ 2024 ਨੂੰ ਸਫਲ ਬਨਾਉਣ ਲਈ ਤਨਦੇਹੀ ਨਾਲ ਜੁਟੇ ਹੋਏ ਹਨ।