ਮਲੂਕਾ ਦੀ ਨੂੰਹ ਦੇ ਪੈਂਤੜੇ ਨੇ ਸੱਸ ਤੱਤੜੀ ਦੇ ਰੁਦਨ ਸੁਣਾਉਣ ਲਾਏ ਟਕਸਾਲੀ ਨੇਤਾ
ਅਸ਼ੋਕ ਵਰਮਾ
ਬਠਿੰਡਾ,12ਅਪਰੈਲ 2024:ਸਾਬਕਾ ਮੰਤਰੀ ਅਤੇ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਅਤੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਦੀ ਭਾਜਪਾ ਵਿੱਚ ਸ਼ਮੂਲੀਅਤ ਤੋਂ ਜਿੱਥੇ ਮਲੂਕਾ ਪ੍ਰੀਵਾਰ ਵਿਰੋਧੀ ਖ਼ੁਸ਼ੀ ਦੇ ਰੌਂਅ ਵਿਚ ਹਨ, ਉੱਥੇ ਭਾਜਪਾ ਦੀਆਂ ਸੰਸਦੀ ਹਲਕਾ ਬਠਿੰਡਾ ਦੇ ਟਕਸਾਲੀ ਆਗੂਆਂ ਵਿੱਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਜਦੋਂ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਭਾਜਪਾ ‘ਚ ਦਾਖ਼ਲਾ ਹੋਇਆ ਤਾਂ ਉਸ ਵਕਤ ਤੋਂ ਨਵੇਂ ਸਿਆਸੀ ਕਿਆਸ ਸ਼ੁਰੂ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਦੇ ਉਨ੍ਹਾਂ ਨੂੰ ਬਠਿੰਡਾ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਇਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਅੱਜ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਪਰਮਪਾਲ ਕੌਰ ਨੇ ਕਰ ਦਿੱਤੀ ਹੈ।
ਪਰਮਪਾਲ ਕੌਰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਸੇਵਾ ’ਚ ਆਈਏਐਸ ਅਧਿਕਾਰੀ ਅਤੇ ਨੌਕਰੀ ਤੋਂ ਮੁਸਤਫੀ ਹੋਣ ਤੱਕ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਮਲੂਕਾ ਪ੍ਰੀਵਾਰ ਪਿਛਲੇ ਲੰਮੇਂ ਸਮੇਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਹੁਣ ਮਲੂਕਾ ਪ੍ਰੀਵਾਰ ਦੇ ਇਕਲੌਤੇ ਫਰਜੰਦ ਅਤੇ ਨੂੰਹ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ ਜਿਸ ਤੋਂ ਬਾਅਦ ਇਹ ਚੁੰਝ ਚਰਚਾ ਛਿੜ ਗਈ ਹੈ ਕਿ ਭਵਿੱਖ ’ਚ ਸੰਸਦੀ ਹਲਕੇ ਦੇ ਨਾਲ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ’ਚ ਭਾਜਪਾ ਦੀ ਕਮਾਂਡ ਮਲੂਕਾ ਜੋੜੀ ਦੇ ਹੱਥ ਆ ਸਕਦੀ ਹੈ। ਮਲੂਕਾ ਪ੍ਰੀਵਾਰ ਦੀ ਬਠਿੰਡਾ ’ਚ ਰਿਹਾਇਸ਼ੀ ਕੋਠੀ ਹੈ ਜਿੱਥੇ ਰਹਿਣ ਦੇ ਨਾਲ ਨਾਲ ਅਕਾਲੀ ਸਰਕਾਰ ਦੇ ਰਾਜ ਭਾਗ ਦੌਰਾਨ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਗੁਰਪ੍ਰੀਤ ਮਲੂਕਾ ਦਰਬਾਰ ਲਾਇਆ ਕਰਦੇ ਸਨ ।
ਇੰਨ੍ਹਾਂ ਤੱਥਾਂ ਨੂੰ ਦੇਖਦਿਆਂ ਬਠਿੰਡਾ ਹਲਕੇ ’ਚ ਇਸ ਨਵੀਂ ਸੰਭਾਵੀ ਸਿਆਸੀ ਸਫਬੰਦੀ ਹੋਣ ਦੇ ਚਰਚਿਆਂ ਨੇ ਭਗਵਾ ਪਾਰਟੀ ਦੀਆਂ ਟਕਸਾਲੀ ਸਫਾਂ ਨੂੰ ਚਿੰਤਾ ’ਚ ਪਾਇਆ ਹੋਇਆ ਹੈ ਜੋ ਖੁਦ ਅੱਗੇ ਹੋਣ ਦੇ ਚਾਹਵਾਨ ਸਨ। ਪਾਰਟੀ ਦੇ ਇੱਕ ਟਕਸਾਲੀ ਆਗੂ ਦਾ ਪ੍ਰ੍ਰਤੀਕਰਮ ਸੀ ਕਿ ਸਾਲਾਂ ਤੋਂ ਉਹ ਦਰੀਆਂ ਵਿਛਾਉਂਦੇ ਆ ਰਹੇ ਹਨ ਪਰ ਕਦਰ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਟਕਸਾਲੀ ਨੂੰ ਅੱਗੇ ਲਾਕੇ ਚੋਣ ਲੜਾਉਂਦੀ ਤਾਂ ਠੀਕ ਸੀ ਪਰ ਇੱਥੇ ਤਾਂ ਦਲਬਦਲੀ ਕਰਕੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਨਿਵਾਜਿਆ ਜਾਣ ਲੱਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਸੀਨੀਅਰ ਆਗੂ ਦਹਾਕਿਆਂ ਤੋਂ ਪਾਰਟੀ ਨਾਲ ਹਰ ਔਖ ਸੌਖ ’ਚ ਖਲੋਂਦੇ ਆ ਰਹੇ ਹਨ ਤਾਂ ਉਨ੍ਹਾਂ ਦੀ ਵਾਰੀ ਕਦੋਂ ਆਏਗੀ। ਮਲੂਕਾ ਜੋੜੀ ਦੀ ਸ਼ਮੂਲੀਅਤ ਤੋਂ ਬਾਅਦ ਭਾਜਪਾ ਆਗੂਆਂ ਦੀ ਕੋਈ ਪ੍ਰਤੀਕਿਰਿਆ ਵੀ ਨਹੀਂ ਆਈ ਹੈ।
ਇਸ ਵਤੀਰੇ ਤੋਂ ਵੀ ਕਈ ਮਾਅਨੇ ਕੱਢੇ ਜਾ ਰਹੇ ਹਨ ਕਿਉਂਕਿ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਭਾਜਪਾ ’ਚ ਸ਼ਮੂਲੀਅਤ ਮਗਰੋਂ ਭਾਜਪਾ ਹਲਕਿਆਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਸੀ। ਇਸ ਤੋਂ ਸਪਸ਼ਟ ਹੈ ਕਿ ਟਕਸਾਲੀ ਆਗੂ ਨਵੀਂ ਕਿਸਮ ਦੀ ਸਿਆਸੀ ਸਥਿਤੀ ਤੋਂ ਅੰਦਰੋ ਅੰਦਰੀ ਔਖੇ ਹਨ ਪਰ ਕੇਂਦਰ ’ਚ ਇੱਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣਨ ਦੀਆਂ ਪੇਸ਼ੀਨਗੋਈਆਂ ਅਤੇ ਦਾਅਵਿਆਂ ਨੇ ਉਨ੍ਹਾਂ ਦੇ ਬੁੱਲ੍ਹ ਸੀਤੇ ਹੋਏ ਹਨ। ਦੇਖਿਆ ਜਾਏ ਤਾਂ ਬੀਜੇਪੀ ਦੇ ਪੁਰਾਣੇ ਆਗੂਆਂ ਨੇ ਪਾਰਟੀ ਵੱਲੋਂ ਉਮੀਦਵਾਰ ਐਲਾਨਣ ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਦੱਸਣਯੋਗ ਹੈ ਕਿ ਬਠਿੰਡਾ ਹਲਕੇ ਤਾਂ ਸਰੂਪ ਸਿੰਗਲਾ ਅਤੇ ਜਗਦੀਪ ਨਕਈ ਦਾ ਨਾਮ ਚਰਚਾ ਵਿੱਚ ਸੀ ਪਰ ਅਚਾਨਕ ਪਰਮਪਾਲ ਕੌਰ ਸਿੱਧੂ ਦਾ ਨਾਮ ਵੀ ਉਮੀਦਵਾਰਾਂ ਦੀ ਸੂਚੀ ’ਚ ਸ਼ੁਮਾਰ ਹੋ ਗਿਆ ਹੈ।
ਬੇਗਾਨਗੀ ਨੇ ਮਲੂਕਾ ਜੋੜੀ ਦੇ ਬਦਲੇ ਰਾਹ
ਦਰਅਸਲ ਮਲੂਕਾ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ ਤੋਂ ਰਾਮਪੁਰਾ ਤੋਂ ਇਲਾਵਾ ਮੌੜ ਹਲਕਾ ਵੀ ਮੰਗਿਆ ਸੀ ਪ੍ਰੰਤੂ ਅਜਿਹਾ ਨਾਂ ਹੋਣ ਕਾਰਨ ਪਰਿਵਾਰ ਨਾਰਾਜ਼ ਵੀ ਹੋ ਗਿਆ ਤਾਂ ਮੰਨ ਮਨੌਤੀ ਵਾਸਤੇ ਬਿਕਰਮ ਸਿੰਘ ਮਜੀਠੀਆ ਪਿੰਡ ਮਲੂਕਾ ਪੁੱਜੇ ਸਨ। ਇਸ ਤੋਂ ਮਗਰੋਂ ਵੀ ਪ੍ਰੀਵਾਰ ਨੇ ਸਰਗਰਮੀਆਂ ਜਾਰੀ ਰੱਖੀਆਂ ਪਰ ਅਕਾਲੀ ਦਲ ਨੇ ਹਰਿੰਦਰ ਸਿੰਘ ਮਹਿਰਾਜ ਨੂੰ ਰਾਮਪੁਰਾ ਦਾ ਹਲਕਾ ਇਚਾਰਜ ਲਾ ਦਿੱਤਾ ਜਿਸ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਲੂਕਾ ਨੇ ਉਦੋਂ ਹੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ ਪਰ ਢੁੱਕਵੇਂ ਸਮੇਂ ਦਾ ਇੰਤਜਾਰ ਸੀ। ਸੂਤਰ ਦੱਸਦੇ ਹਨ ਕਿ ਬੇਗਾਨਗੀ ਦੀ ਇਸ ਭਾਵਨਾ ਨੇ ਮਲੂਕਾ ਜੋੜੀ ਦਾ ਰੁਖ ਭਾਜਪਾ ਵੱਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ।
ਸਭਨਾਂ ਵੱਲੋਂ ਸਹਿਯੋਗ ਦਾ ਭਰੋਸਾ-ਪਰਮਪਾਲ
ਭਾਜਪਾ ਆਗੂ ਤੇ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਦਾ ਕਹਿਣਾ ਸੀ ਕਿ ਸੰਸਦੀ ਹਲਕੇ ਨਾਲ ਸਬੰਧਤ ਸਮੂਹ ਆਗੂਆਂ ਨੇ ਫੋਨ ਕਰਕੇ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਿੱਕਤ ਹੋਈ ਤਾਂ ਉਸ ਨੂੰ ਮਿਲ ਬੈਠਕੇ ਹੱਲ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਟਿਕਟ ਐਲਾਨੇ ਜਾਣ ਤੋਂ ਬਾਅਦ ਉਹ ਹਲਕੇ ਦਾ ਦੌਰਾ ਕਰਕੇ ਪਾਰਟੀ ਲੀਡਰਸ਼ਿਪ ਨਾਲ ਮੀਟਿੰਗਾਂ ਕਰਨਗੇੇ। ਉਨ੍ਹਾਂ ਹਲਕੇ ’ਚ ਸੋਸ਼ਲ ਮੀਡੀਆ ਤੇ ਅਕਾਲੀ ਦਲ ਨਾਲ ਦੋਸਤਾਨਾ ਮੈਚ ਦੀ ਚੱਲ ਰਹੀ ਚਰਚਾ ਨੂੰ ਪੂਰੀ ਤਰਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਭਾਜਪਾ ਦੇ ਸਿਪਾਹੀ ਹਨ ਅਤੇ ਪਾਰਟੀ ਦੀਆਂ ਨੀਤੀਆਂ ਲੈਕੇ ਹਲਕਾ ਵਾਸੀਆਂ ਕੋਲ ਜਾਣਗੇ।