ਡੇਰਾ ਸਿਰਸਾ ਵੱਲੋਂ ਚੋਣਾਂ ਮੌਕੇ ਵੱਡਾ ਤਾਕਤੀ ਸ਼ੋਅ- ਲੱਖਾਂ ਡੇਰਾ ਪ੍ਰੇਮੀਆਂ ਨੇ ਦਿਖਾਇਆ ਦਮਖਮ
ਅਸ਼ੋਕ ਵਰਮਾ
ਬਠਿੰਡਾ, 14ਅਪਰੈਲ2024: ਡੇਰਾ ਸੱਚਾ ਸੌਦਾ ਸਿਰਸਾ ਨੇ ਐਨ ਲੋਕ ਸਭਾ ਚੋਣਾਂ ਮੌਕੇ ਅੱਜ ਬਠਿੰਡਾ ਜਿਲ੍ਹੇ ਦੇ ਡੇਰਾ ਸਲਾਬਤਪੁਰਾ ‘ਚ ਤਾਕਤੀ ਸ਼ੋਅ ਕੀਤਾ ਤਾਂ ਜੋ ਸਿਆਸੀ ਲੋਕਾਂ ਨੂੰ ਦਮਖਮ ਦਿਖਾਇਆ ਜਾ ਸਕੇ। ਅੱਜ ਜੈਤੋ ਬਰਨਾਲਾ ਸੜਕ ’ਤੇ ਬਣੇ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਟਰ ਸ਼ਾਹ ਸਤਿਨਾਮ ਜੀ ਰੁਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਡੇਰੇ ਦੇ 76ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਪੰਜਾਬ ਭਰ ਦੇ ਪੈਰੋਕਾਰਾਂ ਦਾ ਇਕੱਠ ਸੱਦਿਆ ਗਿਆ ਸੀ । ਇੰਨ੍ਹਾਂ ਸਮਾਗਮਾਂ ’ਚ ਡੇਰਾ ਪੈਰੋਕਾਰ ਦੂਰ ਦੁਰਾਡਿਓਂ ਬੱਸਾਂ ਭਰ ਕੇ ਆਏ ਅਤੇ ਹੋਰ ਆਵਾਜਾਈ ਸਾਧਨਾਂ ਦਾ ਵੀ ਭਾਰੀ ਜਮਾਵੜਾ ਦੇਖਣ ਨੂੰ ਮਿਲਿਆ। ਖਾਸ ਤੌਰ ਤੇ ਵਾਢੀ ਦੇ ਦਿਨਾਂ ਦੌਰਾਨ ਅੱਜ ਦੇ ਸਮਾਗਮ ਦੌਰਾਨ ਮਾਲਵੇ ਦੇ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਤਾਂ ਪੂਰੀ ਤਰਾਂ ਜਿਕਰਯੋਗ ਰਹੀ ।
ਡੇਰੇ ਦਾ ਸਿਆਸੀ ਵਿੰਗ ਭੰਗ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੰਜਾਬ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਮੌਕੇ ਇਹ ਪਹਿਲਾ ਵੱਡਾ ਇਕੱਠ ਹੈ ਜਿਸ ਨੂੰ ਚੋਣਾਂ ਲਈ ਦਿਨੋ ਦਿਨ ਭਖ ਰਹੇ ਮੈਦਾਨ ਦੌਰਾਨ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਇਸ ਵੱਡੇ ਇਕੱਠ ਕਾਰਨ ਅੱਜ ਸਿਰਫ ਪੰਜਾਬ ਹੀ ਨਹੀਂ ਬਲਕਿ ਕੇਂਦਰੀ ਖੁਫੀਆ ਏਜੰਸੀਆਂ ਵੀ ਸਲਾਬਤਪੁਰਾ ’ਚ ਸਰਗਰਮ ਨਜ਼ਰ ਆਈਆਂ। ਹਾਲਾਂਕਿ ਅੱਜ ਦੇ ਸਮਾਗਮ ਦੌਰਾਨ ਡੇਰਾ ਪ੍ਰਬੰਧਕਾਂ ਨੇ ਕਿਸੇ ਕਿਸਮ ਦੀ ਕੋਈ ਸਿਆਸੀ ਚਰਚਾ ਨਹੀਂ ਕੀਤੀ ਪਰ ਸਿਆਸਤ ਦੇ ਜਾਣਕਾਰ ਅੱਜ ਦੇ ਇਕੱਠ ਨੂੰ ਸਿਆਸੀ ਪਿੜ ’ਚ ਡੇਰੇ ਦੀ ਪੁਰਾਣੀ ਧਾਕ ਦੀ ਕਾਇਮੀ ਲਈ ਕੀਤਾ ਮੰਨ ਰਹੇ ਹਨ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਕੁੱਝ ਮਹੀਨੇ ਪਹਿਲਾਂ ਤੋਂ ਡੇਰਾ ਮੀਡੀਆ ਤੋਂ ਪੂਰੀ ਤਰਾਂ ਦੂਰੀ ਵੱਟਦਾ ਆ ਰਿਹਾ ਸੀ ਜਦੋਂਕਿ ਅੱਜ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਗਿਆ।
ਹੁਣ ਜਦੋਂ ਸਿਆਸੀ ਮੇਲਾ ਭਖਿਆ ਹੈ ਤਾਂ ਡੇਰਾ ਸਿਰਸਾ ਵੱਲੋਂ ਆਪਣੀ ਵੁੱਕਤ ਪਵਾਉਣ ਦੇ ਰਾਹ ਪੈਣਾ ਕੋਈ ਅਲੋਕਾਰੀ ਗੱਲ ਨਹੀਂ ਬਲਕਿ ਜਰੂਰੀ ਵੀ ਸਮਝੀ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਡੇਰਾ ਸਿਰਸਾ ਦਾ ਹੁਣ ਮਸਲਾ ਏਨਾ ਕੁ ਹੈ ਕਿ ਉਹ ਸਿਆਸੀ ਲੀਡਰਾਂ ਨੂੰ ਦਿਖਾ ਸਕਣ ਕਿ ਉਹ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਗੈਰਮੌਜੂਦਗੀ ਵਿੱਚ ਵੀ ਧੋਬੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ। ਸੂਤਰ ਆਖਦੇ ਹਨ ਕਿ ਵੋਟਾਂ ਖਾਤਰ ਕਈ ਸਿਆਸੀ ਨੇਤਾ ਕੋਈ ਵਿਚਲਾ ਰਾਹ ਕੱਢਣ ਲਈ ਤਰਲੋਮੱਛੀ ਤਾਂ ਹਨ ਪਰ ਪੰਥਕ ਵੋਟ ਬੈਂਕ ਖੁੱਸਣ ਦੇ ਡਰੋਂ ਖੁੱਲ੍ਹੇ ਆਮ ਡੇਰਾ ਸਿਰਸਾ ਦੇ ਨੇੜੇ ਜਾਣ ਤੋ ਡਰ ਰਹੇ ਹਨ। ਸਿਆਸੀ ਧਿਰਾਂ ਲਈ ਅਹਿਮ ਤੱਥ ਹੈ ਕਿ ਮਾਲਵੇ ਦੇ ਕਈ ਲੋਕ ਸਭਾ ਹਲਕਿਆਂ ਵਿੱਚ ਡੇਰਾ ਪੈਰੋਕਾਰ ਸਿਆਸੀ ਸਮੀਕਰਨਾਂ ਵਿੱਚ ਉਲਟਫੇਰ ਕਰ ਸਕਣ ਦੀ ਸਥਿਤੀ ’ਚ ਦੱਸੇ ਜਾ ਰਹੇ ਹਨ।
ਏਰਾ ਮੁਖੀ ਦੇ ਜੇਲ੍ਹ ਜਾਣ ਦੇ ਬਾਵਜੂਦ ਪੰਜਾਬ ਦੇ ਹੋਰ ਕਈ ਭਾਗਾਂ ਵਿੱਚ ਵੀ ਪਿਛਲੇ ਸਮੇਂ ਦੌਰਾਨ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਬਣ ਗਿਆ ਹੈ । ਅੱਜ ਦੇ ਸਮਾਗਮ ਦੌਰਾਨ ਇਹ ਵੀ ਚੁੰਝ ਚਰਚਾ ਸੁਣੀ ਗਈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹਾਲੀਆ 50 ਦਿਨ ਦੀ ਪੈਰੋਲ ਦੌਰਾਨ ਪੰਜਾਬ ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਵੱਡੀ ਗਿਣਤੀ ਲੋਕ ਡੇਰੇ ਨਾਲ ਜੁੜੇ ਹਨ। ਸਿਆਸੀ ਧਿਰਾਂ ਕੁਝ ਵੀ ਕਹਿਣ ਡੇਰਾ ਪੈਰੋਕਾਰ ਸਿਆਸੀ ਪਾਰਟੀਆਂ ਨਾਲ ਨਰਾਜ਼ ਹਨ ਜਿੰਨ੍ਹਾਂ ਦਾ ਕਹਿਣਾ ਹੈ ਕਿ ਔਖੀ ਘੜੀ ’ਚ ਕੋਈ ਵੀ ਨੇਤਾ ਉਨ੍ਹਾਂ ਦਾ ਨਹੀਂ ਬਣਿਆ। ਗੱਠਜੋੜ ਅਤੇ ਕੈਪਟਨ ਸਰਕਾਰ ਦੇ ਰਾਜ ’ਚ ਵੀ ਡੇਰਾ ਪ੍ਰੇਮੀਆਂ ਨਾਲ ਵਧੀਕੀਆਂ ਹੋਈਆਂ ਅਤੇ ਮੌਜੂਦਾ ਸਰਕਾਰ ਦੇ ਰਾਜ ਭਾਗ ’ਚ ਉਨ੍ਹਾਂ ਲਈ ਕੁੱਝ ਵੀ ਨਹੀਂ ਬਦਲਿਆ ਹੈ। ਉਨ੍ਹਾਂ ਦੁੱਖ ਜਤਾਇਆ ਕਿ ਕਈ ਨੇਤਾ ਤਾਂ ਗੱਲ ਗੱਲ ਤੇ ਡੇਰੇ ਨੂੰ ਭੰਡਣਾ ਤਰਜੀਹ ਮੰਨਦੇ ਹਨ।
ਸਮਾਜ ਭਲਾਈ ਕਾਰਜਾਂ ਦੀ ਪ੍ਰੇਰਣਾ
ਇਸ ਮੌਕੇ ਡੇਰਾ ਸਿਰਸਾ ਮੁਖੀ ਦੇ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਹੋਏ ਪ੍ਰਵਚਨਾਂ ਨੂੰ ਸੁਣਾਇਆ ਗਿਆ। ਆਪਣੇ ਸੰਬੋਧਨ ਦੌਰਾਨ ਡੇਰਾ ਮੁਖੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ’ਚ ਆ ਕੇ ਨਸ਼ਾ ਕਰਨ ਵਾਲੇ ਨਸ਼ੇ ਤੋਂ ਮੁਕਤ ਹੋ ਜਾਂਦੇ ਹਨ। ਜਾਨਵਰਾਂ ਅਤੇ ਪੰਛੀਆਂ ਦਾ ਇਲਾਜ ਕਰਨ ਦੀ ਸਿੱਖਿਆ ਅਤੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਪੜ੍ਹਾਈ ਲਈ ਵੀ ਪ੍ਰੇਰਨਾ ਦਿੱਤੀ ਜਾਂਦੀ ਹੈ। ਇਸ ਮੌਕੇ ਮਿਥੇ ਪ੍ਰੋਗਰਾਮ ਤਹਿਤ ਪੈਰੋਕਾਰਾਂ ਦੇ ਵੱਡੇ ਇਕੱਠ ਨੇ ਮਾਨਵਤਾ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖਣ ਅਤੇ ਇੰਨ੍ਹਾਂ ਕਾਰਜਾਂ ’ਚ ਹੋਰ ਤੇਜੀ ਲਿਆਉਣ ਦਾ ਅਹਿਦ ਲਿਆ ।
ਢਾਈ ਹਜ਼ਾਰ ਘਰ ਬਣਾ ਕੇ ਦਿੱਤੇ
ਅੱਜ ਦੇ ਸਤਿਸੰਗ ਪ੍ਰੋਗਰਾਮ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਵਿੱਚ ਸ਼ਾਮਲ 27ਵਾਂ ਕਾਰਜ ਲੋੜਵੰਦ ਲੋਕਾਂ ਲਈ ਘਰ ਬਨਾਉਣ ਵਾਸਤੇ ਸ਼ੁਰੂ ਕੀਤੀ ਆਸ਼ੀਆਨਾ ਮੁਹਿੰਮ ਨਾਲ ਸਬੰਧਤ ਡਾਕੂਮੈਂਟਰੀ ਫਿਲਮ ਦਿਖਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਡੇਰਾ ਸਿਰਸਾ ਦੀ ਸੰਗਤ ਹੁਣ ਤੱਕ 22 ਕਰੋੜ ਦੀ ਲਾਗਤ ਨਾਲ ਢਾਈ ਹਜ਼ਾਰ ਦੇ ਕਰੀਬ ਘਰ ਬਣਾਕੇ ਲੋੜਵੰਦਾਂ ਹਵਾਲੇ ਕਰ ਚੁੱਕੀ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਹੈ।
ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡੇ
ਡੇਰਾ ਸ਼ਰਧਾਲੂਆਂ ਨੇ ਕਲਾਥ ਬੈਂਕ ਵਿੱਚੋਂ 76 ਲੋੜਵੰਦ ਪ੍ਰੀਵਾਰਾਂ ਦੇ ਬੱਚਿਆਂ ਨੂੰ ਕੱਪੜੇ ਵੀ ਵੰਡੇ ਗਏ। ਇਸ ਮੌਕੇ ਡੇਰਾ ਮੁਖੀ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਸਬੰਧੀ ਚਲਾਈ ਜਾ ਰਹੀ ਵਿਸ਼ਵ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ ਜਾਗੋ ਦੁਨੀਆ ਦੇ ਲੋਕੋ ਅਤੇ ’ਆਸ਼ੀਰਵਾਦ ਮਾਂਵਾਂ ਦਾ’ ਗੀਤ ਸੁਣਾਏ ਜਿੰਨ੍ਹਾਂ ਰਾਹੀਂ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਿੱਖਿਆ ਦਿੱਤੀ ਗਈ।