ਹਰਸਿਮਰਤ ਬਾਦਲ ਨੇ ਦੱਸਿਆ ਮਲੂਕਾ ਨੂੰ ਅਕਾਲੀ ਦਲ ਦਾ ਵਫਾਦਾਰ ਸਿਪਾਹੀ
ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2024: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਹਲਕੇ ਤੋਂ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਦਲ ਦਲ ਦਾ ਵਫਾਦਾਰ ਸਿਪਾਹੀ ਕਰਾਰ ਦਿੱਤਾ ਹੈ। ਅੱਜ ਬਠਿੰਡਾ ਪੁੱਜੀ ਹਰਸਿਮਰਤ ਬਾਦਲ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂੰ ਵੱਲੋਂ ਭਾਜਪਾ ਵਿੱਚ ਸ਼ਮੂਲੀਅਤ ਕਰਨ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਪਰਿਵਾਰ ਵਿੱਚ ਬੱਚੇ ਆਪਣੇ ਬਜ਼ੁਰਗਾਂ ਦੀ ਗੱਲ ਨਹੀਂ ਸੁਣਦੇ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ, ਜੋ ਪਾਰਟੀ ਲਈ ਦਿਨ-ਰਾਤ ਮੈਦਾਨ ਵਿੱਚ ਡਟੇ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਵੀ ਆਪਣੇ ਪਿਤਾ ਦਾ ਕਹਿਣਾ ਮੰਨ ਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ਸੀ।
ਉਨਾਂ ਮਲੂਕਾ ਜੋੜੀ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਆਪਣੀਆਂ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ।ਉਨ੍ਹਾਂ ਕਿਹਾ ਕਿ ਮਲੂਕਾ ਨੇ ਪਾਰਟੀ ਦੀ ਮਜਬੂਤੀ ਲਈ ਬਾਦਲ ਸਾਹਬ ਦੇ ਨਾਲ ਮਿਲ ਕੇ ਲੜਾਈ ਲੜੀ, ਜੋ ਪਾਰਟੀ ਨੂੰ ਆਪਣੀ ਮਾਂ ਪਾਰਟੀ ਮੰਨਦੇ ਹਨ। ਅਜਿਹੇ ਵਿੱਚ ਉਹ ਮਲੂਕਾ ਸਾਹਬ ਨੂੰ ਦੱਸਣਾ ਚਾਹੁੰਦੇ ਹਨ ਕਿ ਪਰਿਵਾਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਹ ਪਾਰਟੀ ਦੀ ਤਰੱਕੀ ਲਈ ਪਹਿਲਾਂ ਵਾਂਗ ਮੈਦਾਨ ਵਿੱਚ ਡਟੇ ਰਹਿਣ। ਬੀਬਾ ਬਾਦਲ ਨੇ ਕਿਹਾ ਕਿ ਉਹ ਸਿਰਫ ਇਹ ਕਹਿਣਾ ਚਾਹੁੰਦੇ ਹਨ ਕਿ ਜੇ ਕੋਈ ਵਿਅਕਤੀ ਆਪਣੇ ਮਾਪਿਆਂ ਦਾ ਨਹੀਂ, ਤਾਂ ਉਹ ਕਿਸੇ ਹੋਰ ਦਾ ਕਿਵੇਂ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੇ 700 ਕਿਸਾਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਮੁਆਫ਼ੀ ਮੰਗ ਕੇ ਤਿੰਨ ਕਾਨੂੰਨ ਵਾਪਸ ਲਏ, ਜੋ ਲਗਾਤਾਰ ਪੰਜਾਬੀਆਂ ਦੇ ਧਾਰਮਿਕ ਸਥਾਨਾਂ 'ਤੇ ਕਬਜ਼ਾ ਕਰਕੇ ਪੰਜਾਬ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਉਕਤ ਪਾਰਟੀ ਵਿੱਚ ਸ਼ਾਮਲ ਹੋਣ ਵਾਲਾ ਕੋਈ ਵੀ ਆਗੂ ਜਾਂ ਵਿਅਕਤੀ ਆਪਣੇ ਫਾਇਦੇ ਲਈ ਹੀ ਕੰਮ ਕਰ ਰਿਹਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ, ਜੋ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹੀ ਕੰਮ ਕਰਦੀ ਹੈ, ਇਸ ਲਈ ਹਰ ਵਿਅਕਤੀ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ।
ਅੱਜ ਇੱਕ ਵੱਖਰੇ ਪ੍ਰੋਗਰਾਮ ਦੌਰਾਨ ਹਰਸਿਮਰਤ ਬਾਦਲ ਨੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਪਛੜੇ ਸਮਾਜ ਦੀ ਉੱਨਤੀ ਲਈ ਕੀਤੇ ਗਏ ਉਪਰਾਲਿਆਂ ਸਦਕਾ ਅੱਜ ਪਛੜੇ ਸਮਾਜ ਤਰੱਕੀ ਵੱਲ ਵੱਧ ਰਿਹਾ ਹੈ । ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਕਿਹਾ ਕਿ ਡਾ: ਅੰਬੇਡਕਰ ਭਵਨ ਬਾਦਲ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਵਿਕਾਸ ਲਈ ਕੀਤੇ ਕੰਮਾਂ ਵਿੱਚੋਂ ਇੱਕ ਹੈ, ਪਰ ਕਾਂਗਰਸ ਅਤੇ ਮੌਜੂਦਾ ਸਰਕਾਰ ਨੇ ਉਕਤ ਇਮਾਰਤ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਅੰਬੇਡਕਰ ਭਵਨ ਦੀ ਦੇਖ-ਰੇਖ ਲਈ ਸਰਕਾਰ ਵੱਲੋਂ ਇਕ ਕਮੇਟੀ ਬਣਾਉਣ ਦੀ ਸਲਾਹ ਵੀ ਦਿੱਤੀ।
ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਮੋਹਿਤ ਗੁਪਤਾ, ਰਾਜਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ, ਜਗਦੀਪ ਸਿੰਘ ਗਹਿਰੀ, ਚਮਕੌਰ ਸਿੰਘ ਮਾਨ, ਅਮਰਜੀਤ ਸਿੰਘ ਵਿਰਦੀ, ਹਸਰਤ ਮਿੱਡੂਖੇੜਾ ਆਦਿ ਹਾਜ਼ਰ ਸਨ।