ਭਾਜਪਾ MP ਰਵੀ ਕਿਸ਼ਨ ਮੁਸੀਬਤ 'ਚ: ਇਕ ਔਰਤ ਨੇ ਫਿਲਮ ਐਕਟਰ ਨੂੰ ਕਿਹਾ ਆਪਣਾ ਪਤੀ, ਦੋਹਾਂ ਤੋਂ ਬੇਟੀ ਹੋਣ ਦਾ ਦਾਅਵਾ
- ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਉਸਨੇ ਦੋਸ਼ ਲਾਇਆ ਕਿ ਉਹ ਕਿਸ਼ਨ ਦੀ ਪਤਨੀ ਹੈ ਅਤੇ ਅਦਾਕਾਰ ਨੂੰ ਉਸਦੀ ਧੀ ਨੂੰ ਸਮਾਜਿਕ ਤੌਰ 'ਤੇ ਸਵੀਕਾਰ ਕਰਨ ਦੀ ਮੰਗ ਕੀਤੀ
ਦੀਪਕ ਗਰਗ
ਗੋਰਖਪੁਰ 15 ਅਪ੍ਰੈਲ 2024 - ਗੋਰਖਪੁਰ ਦੇ ਬੀਜੇਪੀ ਸਾਂਸਦ ਰਵੀ ਕਿਸ਼ਨ ਇੱਕ ਵੱਡੇ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇੱਕ ਔਰਤ ਨੇ ਰਵੀ ਕਿਸ਼ਨ ਦੀ ਪਤਨੀ ਹੋਣ ਦਾ ਦਾਅਵਾ ਕੀਤਾ ਹੈ। ਲਖਨਊ 'ਚ ਅਚਾਨਕ ਮੀਡੀਆ ਸਾਹਮਣੇ ਆਈ ਔਰਤ ਨੇ ਆਪਣੀ ਬੇਟੀ ਨੂੰ ਰਵੀ ਕਿਸ਼ਨ ਦੀ ਬੇਟੀ ਦੱਸਿਆ ਅਤੇ ਮੰਗ ਕੀਤੀ ਕਿ ਉਸ ਨੂੰ ਸਮਾਜਿਕ ਤੌਰ 'ਤੇ ਸਵੀਕਾਰ ਕੀਤਾ ਜਾਵੇ। ਮਹਿਲਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣ ਅਤੇ ਉਨ੍ਹਾਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਔਰਤ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਜਾਵੇਗੀ।
ਅਪਰਨਾ ਠਾਕੁਰ ਨਾਂ ਦੀ ਔਰਤ ਨੇ ਸੋਮਵਾਰ ਨੂੰ ਲਖਨਊ 'ਚ ਪ੍ਰੈੱਸ ਕਾਨਫਰੰਸ ਕੀਤੀ। ਠਾਕੁਰ ਨੇ ਦੱਸਿਆ ਕਿ ਉਹ ਰਵੀ ਕਿਸ਼ਨ ਦੀ ਪਤਨੀ ਹੈ। ਉਸ ਦਾ ਵਿਆਹ 1996 ਵਿੱਚ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਰਵੀ ਕਿਸ਼ਨ ਨਾਲ ਹੋਇਆ ਸੀ। ਇਹ ਵਿਆਹ ਮੁੰਬਈ ਵਿੱਚ ਹੀ ਹੋਇਆ ਸੀ। ਉਸ ਦੀ ਇੱਕ ਬੇਟੀ ਵੀ ਹੈ। ਔਰਤ ਨੇ ਮੰਗ ਕੀਤੀ ਕਿ ਰਵੀ ਕਿਸ਼ਨ ਉਸ ਦੀ ਬੇਟੀ ਨੂੰ ਸਮਾਜਿਕ ਤੌਰ 'ਤੇ ਸਵੀਕਾਰ ਕਰੇ। ਔਰਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਰਵੀ ਕਿਸ਼ਨ ਨਾਲ 1995 'ਚ ਮੁੰਬਈ 'ਚ ਪੱਤਰਕਾਰੀ ਕਰਦੇ ਸਮੇਂ ਹੋਈ ਸੀ। ਅਗਲੇ ਹੀ ਸਾਲ ਦੋਵਾਂ ਦਾ ਵਿਆਹ ਹੋ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਅਪਰਨਾ ਠਾਕੁਰ ਰਵੀ ਕਿਸ਼ਨ ਦੀ ਕਥਿਤ ਬੇਟੀ ਨੂੰ ਵੀ ਨਾਲ ਲੈ ਕੇ ਆਈ ਸੀ। ਅਪਰਨਾ ਨੇ ਕਿਹਾ ਕਿ ਰਵੀ ਕਿਸ਼ਨ ਉਸ ਦੇ ਸੰਪਰਕ ਵਿਚ ਹੈ ਪਰ ਜਨਤਕ ਅਤੇ ਸਮਾਜਿਕ ਤੌਰ 'ਤੇ ਉਹ ਹੁਣ ਉਸ ਨੂੰ ਜਾਂ ਉਸ ਦੀ ਬੇਟੀ ਨੂੰ ਸਵੀਕਾਰ ਨਹੀਂ ਕਰਦਾ।
10 ਹਜਾਰ ਰੁਪਏ ਚਾਹੀਦੇ ਸਨ ਪਰ ਦਿੱਤੇ ਨਾ...
ਰਵੀ ਕਿਸ਼ਨ ਦੀ ਕਥਿਤ ਬੇਟੀ ਸ਼ੇਨੇਵਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੈਨੂੰ ਕਦੇ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਿਲਿਆ। ਉਹ ਘਰ ਆਉਂਦੇ ਸੀ। ਅਸੀਂ ਉਨ੍ਹਾਂ ਨੂੰ ਮਿਲਦੇ ਸੀ ਪਰ ਉਹ ਦੂਰ ਚਲੇ ਜਾਂਦੇ ਸੀ। ਉਹ ਜ਼ਿਆਦਾ ਦੇਰ ਘਰ ਨਹੀਂ ਰਹੇ। ਮੈਂ ਉਨ੍ਹਾਂ ਨਾਲ ਕਈ ਵਾਰ ਗੱਲ ਕੀਤੀ ਪਰ ਉਨ੍ਹਾਂ ਨੇ ਕਦੇ ਮੇਰੀ ਮਦਦ ਨਹੀਂ ਕੀਤੀ। ਪਿਛਲੀ ਵਾਰ ਮੈਨੂੰ 10,000 ਰੁਪਏ ਦੀ ਲੋੜ ਸੀ ਤਾਂ ਮੈਂ ਉਨ੍ਹਾਂ ਕੋਲੋਂ ਪੈਸੇ ਮੰਗੇ ਪਰ ਉਨ੍ਹਾ ਨੇ ਮੈਨੂੰ ਪੈਸੇ ਨਹੀਂ ਦਿੱਤੇ। ਲੜਕੀ ਨੇ ਕਿਹਾ ਕਿ ਉਹ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ, ਉਨ੍ਹਾਂ ਨੂੰ ਨਿਰਦੇਸ਼ਕ ਨਾਲ ਗੱਲ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਗੱਲ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸਨੇ ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਨਾਲ ਇੱਕ ਫਿਲਮ ਕੀਤੀ ਹੈ ਜਿਸ ਵਿੱਚ ਉਸਨੇ ਇੱਕ ਧੀ ਦੀ ਭੂਮਿਕਾ ਨਿਭਾਈ ਹੈ। ਸ਼ੇਨੇਵਾ ਨੇ ਦਾਅਵਾ ਕੀਤਾ ਕਿ ਉਸ ਨੂੰ ਇਹ ਫਿਲਮ ਰਵੀ ਕਿਸ਼ਨ ਦੀ ਸਿਫਾਰਿਸ਼ 'ਤੇ ਨਹੀਂ ਸਗੋਂ ਆਡੀਸ਼ਨ ਦੇ ਕੇ ਮਿਲੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪਿਤਾ ਰਵੀ ਕਿਸ਼ਨ ਤੋਂ ਕੋਈ ਮਦਦ ਨਹੀਂ ਮਿਲੀ।