ਇੱਕੋ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾ ਦਾ ਸਮਾਨ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 16 ਅਪ੍ਰੈਲ 2024 : ਪੁਲਿਸ ਜਿਲਾ ਗੁਰਦਾਸਪੁਰ ਵਿੱਚ ਚੋਰ ਪੁਲਿਸ ਪ੍ਰਬੰਧਾਂ ਨੂੰ ਲਗਾਤਾਰ ਚੁਨੌਤੀ ਦੇ ਰਹੇ ਹਨ। ਲੋਕ ਸਭਾ ਚੋਣਾਂ ਕਾਰਨ ਲੱਗੇ ਚੋਣ ਜਾਬਤੇ ਦੇ ਦੌਰਾਨ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਚੋਰੀ ਦੀ ਤਾਜਾ ਘਟਨਾ ਥਾਣਾ ਕਾਹਨੂੰਵਾਨ ਦੇ ਤਹਿਤ ਸਠਿਆਲੀ ਨਹਿਰ ਵਾਲੇ ਪੁੱਲ ਤੇ ਵਾਪਰੀ ਹੈ ਜਿੱਥੇ ਚੋਰਾਂ ਵੱਲੋਂ ਇੱਕੋ ਰਾਤ ਤਿੰਨ ਦੁਕਾਨਾਂ ਦੇ ਪਿਛਲੇ ਸ਼ਟਤ ਤੋੜ ਕੇ ਲੱਖਾ ਦਾ ਸਮਾਨ ਚੋਰੀ ਕੀਤਾ ਗਿਆ ਹੈ।
ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰ ਰਾਜਕੁਮਾਰ ਨੇ ਦੱਸਿਆ ਕਿ ਸਠਿਆਲੀ ਨਹਿਰ ਤੇ ਉਸਦੀਆਂ ਇਲੈਕਟਰੋਨਿਕ ਅਤੇ ਮੋਬਾਇਲ ਰਿਪੇਅਰ ਦੀਆਂ ਨਾਲ ਨਾਲ ਦੋ ਦੁਕਾਨਾਂ ਹਨ ਜਿਸ ਦਾ ਇੱਕ ਸ਼ਟਰ ਪਿੱਛੇ ਪੈਲੀਆਂ ਵਾਲੇ ਪਾਸੇ ਪੈਂਦਾ ਹੈ । ਬੀਤੀ ਰਾਤ ਉਸਦੀ ਦੁਕਾਨ ਦਾ ਪਿਛੇ ਵਾਲਾ ਸ਼ਟਰ ਜੈਕ ਲਗਾ ਕੇ ਤੋੜ ਕੇ ਚੋਰ ਦੁਕਾਨ ਦੇ ਅੰਦਰ ਵੜ ਗਏ ਅਤੇ ਦੁਕਾਨ ਵਿੱਚੋਂ ਤਾਂਬੇ ਦੀਆਂ ਤਾਰਾਂ ਦੇ ਬੰਡਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ । ਉਸ ਨੇ ਦੱਸਿਆ ਕਿ ਇਸ ਦੁਕਾਨ ਦੇ ਨਾਲ ਹੀ ਲਗਦੀ ਉਸ ਦੀ ਦੂਜੀ ਦੁਕਾਨ ਦੀ ਦੀਵਾਰ ਵੀ ਚੋਰਾਂ ਵੱਲੋਂ ਪਾੜ ਕੇ ਚੋਰੀ ਕੀਤੀ ਗਈ ਹੈ ਅਤੇ ਉਸ ਦਾ ਲਗਭਗ ਸਵਾ ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ । ਉਸ ਨੇ ਦੱਸਿਆ ਕਿ ਤਿੰਨ ਸਾਲਾਂ ਵਿੱਚ ਉਸ ਦੀ ਦੁਕਾਨ ਤੇ ਪੰਜ ਵਾਰੀ ਚੋਰੀ ਹੋ ਚੁੱਕੀ ਹੈ।
ਚੋਰਾ ਵੱਲੋਂ ਇਸੇ ਰਾਤ ਦੋ ਹੋਰ ਦੁਕਾਨਾਂ ਦੇ ਪਿਛਲੇ ਸ਼ਟਰ ਤੋੜੇ ਗਏ ਹਨ ਜਿਨਾਂ ਵਿੱਚੋਂ ਕਾਹਲੋਂ ਜਨਰਲ ਸਟੋਰ ਦੀ ਮਨਿਆਰੀ ਦੀ ਦੁਕਾਨ ਦਾ ਵੀ ਪਿੱਛੇ ਖੇਤਾਂ ਵੱਲ ਪੈਂਦਾ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਚੋਰ ਇਨਵਰਟਰ, ਬੈਟਰੀ ਅਤੇ ਕੁਝ ਰੈਡੀਮੇਡ ਕੱਪੜੇ ਲੈ ਕੇ ਗਏ ਹਨ, ਜਿਸ ਕਾਰਨ ਇਸ ਦੁਕਾਨਦਾਰ ਦਾ ਲਗਭਗ 40 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰਾ ਵੱਲੋਂ ਇੱਕ ਹੋਰ ਦੁਕਾਨਦਾਰ ਦਾ ਪਿੱਛੇ ਖੇਤਾਂ ਵੱਲ ਹੀ ਪੈਂਦਾ ਸ਼ਟਰ ਤੋੜਿਆ ਗਿਆ ਪਰ ਇਸ ਦੁਕਾਨ ਵਿੱਚ ਉਹਨਾਂ ਨੂੰ ਲੈ ਜਾਣ ਲਾਇਕ ਕੋਈ ਸਮਾਨ ਨਹੀਂ ਮਿਲਿਆ ।
ਦੱਸਿਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਚੋਰੀ ਦਾ ਸਮਾਨ ਲੈ ਜਾਣ ਲਈ ਕਿਸੇ ਚੌਪਹੀਆ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ ਜੋ ਕਿ ਖੇਤਾਂ ਵੱਲ ਖੜੀ ਕੀਤੀ ਗਈ ਸੀ ਕਿਉਂਕਿ ਖੇਤਾਂ ਵਿੱਚੋਂ ਕੁਝ ਬਿਖਰਿਆ ਹੋਇਆ ਸਮਾਨ ਮਿਲਿਆ ਹੈ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਸਠਿਆਲੀ ਪੁੱਲ ਤੇ ਪੁਲਿਸ ਦਾ ਪੱਕਾ ਨਾਕਾ ਹੈ ਅਤੇ ਚੋਰੀਆਂ ਦੀਆ ਇਹ ਵਾਰਦਾਤਾਂ ਨਾਕੇ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਵਾਪਰੀਆਂ ਹਨ । ਦੂਜੇ ਪਾਸੇ ਥਾਣਾ ਕਾਹਨੂੰਵਾਨ ਦੇ ਐਸ ਐਚ ਓ ਬਲਜਿੰਦਰ ਸਿੰਘ ਨੇ ਉਹਨਾਂ ਵੱਲੋਂ ਦੁਕਾਨਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।