ਸੇਫ ਸਕੂਲ ਵਾਹਨ ਸਕੀਮ ਨੂੰ ਹਰ ਵਿੱਦਿਅਕ ਅਦਾਰਾ ਇੰਨ ਬਿੰਨ ਲਾਗੂ ਕਰੇ - ਅਨਮਜੋਤ ਕੌਰ
- ਸਕੂਲਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਜਿੰਮੇਵਾਰੀ-ਐਸ.ਡੀ.ਐਮ
- ਟ੍ਰਾਸਪੋਰਟ ਵਿਭਾਗ ਵੱਲੋਂ ਸਕੂਲ ਬੱਸਾ ਦੀ ਕੀਤੀ ਚੈਕਿੰਗ, ਨਿਯਮਾਂ ਦੀ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼
ਪ੍ਰਮੋਦ ਭਾਰਤੀ
ਨੰਗਲ 16 ਅਪ੍ਰੈਲ ,2024 - ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੰਗਲ ਉਪ ਮੰਡਲ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਤੋ ਘਰੋ ਘਰੀ ਪਹੁੰਚਾਉਣ ਵਾਲੇ ਵਾਹਨਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਤੇ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਾਰੇ ਜਰੂਰੀ ਲੋੜੀਦੇ ਪ੍ਰਬੰਧ ਮੁਕੰਮਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਲਈ ਟ੍ਰਾਸਪੋਰਟ ਵਿਭਾਗ ਰੂਪਨਗਰ ਵੱਲੋਂ ਸਕੂਲ ਵਾਹਨਾਂ ਦੀ ਵਿਸੇਸ਼ ਚੈਕਿੰਗ ਕੀਤੀ ਗਈ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਨੰਗਲ ਵਿਚ ਵਿਦਿਆਰਥੀਆਂ ਲਈ ਵਿੱਦਿਅਕ ਅਦਾਰਿਆ ਵਿਚ ਤੈਨਾਤ ਵਾਹਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਨਿਰਧਾਰਤ ਮਾਪਦੰਢ ਅਪਨਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲਾਂ ਦੇ ਵਾਹਨਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ। ਸਕੂਲ ਵਾਹਨਾਂ ਨੂੰ ਸਾਰੇ ਨਿਯਮਾ ਦੀ ਪਾਲਣਾ ਕਰਨ ਲਈ ਜਾਣਕਾਰੀ ਦਿੱਤੀ ਗਈ ਹੈ। ਵਾਹਨਾਂ ਵਿੱਚ ਤੈਨਾਤ ਡਰਾਈਵਰ, ਕਲੀਨਰ/ਕਡੰਕਟਰ, ਮਹਿਲਾ ਅਟੈਂਡਐਂਟ ਤੇ ਹੋਰ ਲੋੜੀਦੇ ਸਾਰੇ ਪ੍ਰਬੰਧ ਕਰਨ ਵਿਚ ਕਿਸੇ ਵੀ ਤਰਾਂ ਦੀ ਲਾਪਰਵਾਹੀ ਜਾਂ ਕੁਤਾਹੀ ਨਾ ਵਰਤਣ ਦੀ ਹਦਾਇਤ ਕੀਤੀ ਗਈ ਹੈ।
ਬੱਸਾਂ ਦੇ ਪਿੱਛੇ ਫੋਨ ਨੰਬਰ ਵੀ ਡਿਸਪਲੇਅ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਉਤੇ ਅੰਕਿਤ ਹੈ ਕਿ ਜੇਕਰ ਇਹ ਸਕੂਲ ਵਾਹਨ ਸੜਕ ਉਤੇ ਨਿਯਮਾਂ ਦੀ ਪਾਲਣਾ ਨਹੀ ਕਰ ਰਿਹਾ ਤਾ ਜਾਣਕਾਰੀ ਇੱਕ ਫੋਨ ਕਾਲ ਤੇ ਦਿੱਤੀ ਜਾਵੇ, ਜਿਸ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਕੂਲ ਬੱਸਾ ਵਿੱਚ ਸੁਰੱਖਿਆ ਸਬੰਧੀ ਸਮਾਨ ਤੇ ਜਰੂਰਤ ਤੋ ਜਿਆਦਾ ਬੱਚੇ ਬੱਸਾਂ ਵਿਚ ਨਾ ਬਿਠਾਏ ਜਾਣ ਤੇ ਡਰਾਈਵਰ ਕਿਸੇ ਵੀ ਤਰਾਂ ਦਾ ਨਸ਼ਾ ਨਾ ਕਰਦਾ ਹੋਵੇ ਤੇ ਬਾਹਰਲੇ ਰਾਜਾ ਤੋ ਆਏ ਡਰਾਈਵਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਉਨ੍ਹਾਂ ਦਾ ਰਿਕਾਰਡ ਵੀ ਸਕੂਲ ਵੱਲੋਂ ਰੱਖਿਆ ਜਾਵੇ। ਵਿੱਦਿਅਕ ਅਦਾਰਿਆਂ ਦੇ ਮੁਖੀਆਂ ਜਾਂ ਟ੍ਰਾਸਪੋਰਟ ਕਮੇਟੀਆਂ ਦੀ ਵਿਦਿਆਰਥੀਆਂ ਨੂੰ ਘਰੋ ਘਰੀ ਸੁਰੱਖਿਆ ਪਹੁੰਚਾਉਣ ਲਈ ਜਿੰਮੇਵਾਰੀ ਤਹਿ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ, ਮਾਪਿਆ ਦੇ ਨੰਨੇ ਮੁੰਨੇ ਬੱਚਿਆਂ ਤੇ ਹਰ ਦੇਸ਼ ਦੇ ਨਾਂਗਰਿਕ ਦੀ ਸੁਰੱਖਿਆ ਸਾਡੀ ਜਿੰਮੇਵਾਰੀ ਹੈ।