ਯੂਟਿਊਬ ਚੈਨਲ ਬੰਦ ਕਰਨਾ ਤਾਨਾਸ਼ਾਹੀ ਦਾ ਰੁਝਾਨ: ਜਮਹੂਰੀ ਅਧਿਕਾਰ ਸਭਾ
ਅਸ਼ੋਕ ਵਰਮਾ
ਬਠਿੰਡਾ,16ਅਪਰੈਲ2024: ਜਮਹੂਰੀ ਅਧਿਕਾਰ ਸਭਾ ਇਲਾਕਾ ਕਮੇਟੀ ਰਾਮਪੁਰਾ ਫੂਲ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ, ਧੱਕੇ ਨਾਲ ਬੰਦ ਕੀਤੇ ਜਾ ਰਹੇ ਯੂਟੀਊਬ ਚੈਨਲਾਂ ਨੂੰ ਦੇਸ਼ ਅੰਦਰ ਸਥਾਪਿਤ ਹੋ ਚੁੱਕੀ ਤਾਨਾਸ਼ਾਹੀ ਦੇ ਪ੍ਰਤੀਕ ਵਜੋਂ ਦੇਖਣ ਦਾ ਸੁਨੇਹਾ ਦਿੱਤਾ ਹੈ। ਜਿਲ੍ਹਾ ਬਠਿੰਡਾ ਦੇ 21 ਅਪ੍ਰੈਲ ਨੂੰ ਹੋਣ ਜਾ ਰਹੇ ਇਜਲਾਸ ਵਿੱਚ ਉਪਰੋਕਤ ਵਿਸ਼ੇ ਉੱਤੇ ਚਰਚਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਢੁਕਵੇ ਫੈਸਲੇ ਲਏ ਜਾਣਗੇ । ਸਭਾ ਆਗੂਆਂ ਨੇ ਦੱਸਿਆ ਕਿ ਤਾਜਾ ਘਟਨਾਕਰਮ ਵਿੱਚ ਲਗਭਗ 3 ਲੱਖ ਸਬਸਕ੍ਰਾਈਬਰ ਰੱਖਣ ਵਾਲੇ ‘ਬੋਲਤਾ ਹਿੰਦੁਸਤਾਨ’ ਯੂਟੀਊਬ ਚੈਨਲ ਅਤੇ ‘ਬੋਲਤਾ ਹਿੰਦੁਸਤਾਨ’ ਦਾ ਇੰਸਟਾਗਰਾਮ ਚੈਨਲ ਬਿਨਾਂ ਕੋਈ ਕਾਰਨ ਦੱਸੇ ਬੰਦ ਕਰਵਾ ਦਿੱਤਾ ਗਿਆ ਹੈ। ਸਰਕਾਰੀ ਬੋਲੀ ਨਾ ਬੋਲਣ ਵਾਲੇ ਹੋਰ ਵੱਡੇ ਚੈਨਲ ਵੀ ਕਿਸੇ ਵੀ ਸਮੇਂ ਬੰਦ ਕਰਵਾਏ ਜਾ ਸਕਦੇ ਹਨ।
ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਭਾਰਤ ਦੇਸ਼ ਦੀ ਪੱਤਰਕਾਰਤਾ ਨੂੰ ਜਿੰਦਾ ਰੱਖਣ ਵਿੱਚ ਡਿਜੀਟਲ ਪੱਤਰਕਾਰਤਾ ਦਾ ਬਹੁਤ ਵੱਡਾ ਰੋਲ ਰਿਹਾ ਹੈ ਪਰ ਹੁਣ ਭਾਰਤ ਸਰਕਾਰ ਦੁਆਰਾ ਲਗਾਤਾਰ ਕਈ ਯੂਟੀਊਬ ਚੈਨਲ ਬੰਦ ਕੀਤੇ ਗਏ ਹਨ ਅਤੇ ਅਨੇਕਾਂ ਟਵਿਟਰ ਖਾਤੇ ਬੰਦ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਚੈਨਲ ਦੇ ਸਮਾਨ ਅਤੇ ਉਸਦੇ ਉਪਕਰਨਾਂ ਨੂੰ ਛਾਪਾ ਮਾਰ ਕੇ ਬਿਨਾਂ ਕੋਈ ਕਾਰਨ ਦੱਸੇ ਅਚਾਨਕ ਜਬਤ ਕਰ ਲੈਣ ਦੇ ਕਾਨੂੰਨ ਬਣਾਏ ਜਾ ਰਹੇ ਹਨ। ਦੂਜੇ ਪਾਸੇ 2000 ਦੇ ਨੋਟ ਵਿੱਚ ਟਰੈਕਿੰਗ ਚਿਪ ਲੱਗੀ ਹੋਣ ਦੀ ਝੂਠੀ ਖਬਰ ਦੇਣ ਵਾਲੇ ਅਤੇ ਧਾਰਮਿਕ ਨਫਰਤ ਫੈਲਾਉਣ ਵਾਲੇ ਨਿਊਜ ਚੈਨਲਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ।
ਆਗੂਆਂ ਨੇ ਕਿਹਾ ਕਿ ਕੁਝ ਚਿਰ ਪਹਿਲਾਂ ਇਕ ਪ੍ਰਤਿਸ਼ਠਿਤ ਨਿਊਜ਼ ਚੈਨਲ ‘ਨਿਊਜ਼ ਕਲਿੱਕ’ ਦੇ ਪੱਤਰਕਾਰਾਂ ਤੇ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ । ਆਗੂਆਂ ਅਵਤਾਰ ਸਿੰਘ, ਸੁਖਦੇਵ ਪਾਂਧੀ, ਸੁਰਿੰਦਰ ਵਿਰਦੀ, ਮੇਜਰ ਸਿੰਘ, ਜਗਦੇਵ ਸਿੰਘ, ਬੰਤ ਸਿੰਘ ਭੂੰਦੜ, ਦਹੂਦ ਸਿੰਘ, ਬਲਵੀਰ ਸਿੰਘ, ਹਰਸ਼ਿੰਦਰ ਸਿੰਘ ਬੱਬੀ, ਕੌਰ ਸਿੰਘ ਆਦਿ ਨੇ ਕਿਹਾ ਕਿ ਦੇਸ਼-ਦੁਨੀਆ ਦੇ ਕੁਲ ਸੰਸਾਧਨ ਅੱਧਾ ਪ੍ਰਤੀਸ਼ਤ ਤੋਂ ਵੀ ਘੱਟ ਲੋਕਾਂ ਦੇ ਕਬਜ਼ੇ ਵਿੱਚ ਹੁੰਦੇ ਜਾ ਰਹੇ ਹਨ।