ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਮੁੱਚਾ ਪੰਜਾਬ ਪ੍ਰੇਸ਼ਾਨ: ਢਿੱਲੋਂ
- ਡਾ. ਧਰਮਵੀਰ ਗਾਂਧੀ ਦੇ ਹੱਕ 'ਚ ਕੀਤੀ ਚੋਣ ਮੀਟਿੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਅਪ੍ਰੈਲ 2024: ਅਜੋਕੇ ਸਮੇਂ ਵਿੱਚ ਪੰਜਾਬ ਤੇ ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜੇਕਰ ਇਕ ਵਾਰ ਫਿਰ ਦੇਸ਼ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆ ਗਈ ਤਾਂ ਦੇਸ਼ ਬੇਹੱਦ ਮੁਸਕਿਲਾਂ ਵਿੱਚ ਘਿਰ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਤੇ ਇਸ ਸਮੇਂ ਇਸ ਹਲਕੇ ਵਿੱਚ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਵੇਖ ਰਹੇ ਦੀਪਇੰਦਰ ਸਿੰਘ ਢਿੱਲੋਂ ਨੇ ਲਾਲੜੂ ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਜਿੱਥੇ ਭਾਜਪਾ ਕਿਸਾਨਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਕਰ ਰਹੀ ਹੈ, ਉੱਥੇ ਹੀ ਇਸ ਸਮੇਂ ਅਕਾਲੀਆਂ ਨੂੰ ਵੋਟ ਪਾਉਣਾ ਵੀ ਇੱਕ ਤਰ੍ਹਾਂ ਨਾਲ ਭਾਜਪਾ ਦੀ ਮਦਦ ਕਰਨਾ ਹੀ ਹੈ, ਜਦਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਮੁੱਚਾ ਪੰਜਾਬ ਪ੍ਰੇਸ਼ਾਨ ਹੋ ਚੁੱਕਾ ਹੈ।
ਭਾਜਪਾ ਤੇ ਅਕਾਲੀਆਂ ਵੱਲੋਂ ਉਨ੍ਹਾਂ ਸਬੰਧੀ ਕੀਤੇ ਜਾ ਰਹੇ ਦੁਸ਼ਪ੍ਰਚਾਰ ਦਾ ਜਵਾਬ ਦਿੰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਜਦੋਂ ਤੱਕ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਵਿੱਚ ਸਨ, ਉਦੋਂ ਤੱਕ ਉਹ ਉਨ੍ਹਾਂ ਦੇ ਆਗੂ ਸਨ, ਪਰ ਹੁਣ ਉਨ੍ਹਾਂ ਦਾ ਰਾਹ ਵੱਖਰਾ ਹੈ। ਇਸੇ ਤਰ੍ਹਾਂ ਨਗਰ ਕੌਂਸਲ ਜ਼ੀਰਕਪੁਰ ਵਿੱਚ ਕਾਂਗਰਸ ਤੇ ਅਕਾਲੀਆਂ ਦਰਮਿਆਨ ਕੌਸਲ ਦੀ ਰਾਜਨੀਤੀ ਬਾਰੇ ਸਮਝੌਤਾ ਹੋਣ ਦੇ ਦੁਸ਼ ਪ੍ਰਚਾਰ ਬਾਰੇ ਸਪੱਸਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਕਿਸੇ ਕੁਰਸੀ ਦੇ ਮੁਥਾਜ ਨਹੀਂ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਰੀਆਂ ਵੋਟਾਂ ਕਾਂਗਰਸ ਨੂੰ ਜਾਣੀਆਂ ਜ਼ਰੂਰੀ ਹਨ। ਇਸ ਬਦਲੇ ਉਨ੍ਹਾਂ ਦੇ ਪੁੱਤਰ ਦੀ ਕੁਰਸੀ ਜਾਂਦੀ ਹੈ, ਤਾਂ ਵੀ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ।ਭਾਜਪਾ ਬਾਰੇ ਗੱਲ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਜੋ ਪਾਰਟੀ ਪੰਜਾਬ ਬਾਰੇ ਨਹੀਂ ਸੋਚਦੀ ਉਸ ਬਾਰੇ ਪੰਜਾਬੀਆਂ ਨੂੰ ਵੀ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਮੌਜੂਦਾ ਮਾਹੌਲ ਵਿੱਚ ਪੰਜਾਬੀ ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਕਿਸ ਆਧਾਰ ਉੱਤੇ ਵੋਟ ਪਾਉਣ, ਕਿਉਂਕਿ ਇਹ ਤਿੰਨੇ ਪਾਰਟੀਆਂ ਪੰਜਾਬ ਦੀ ਸੋਚ ਦੀਆਂ ਵਿਰੋਧੀ ਹਨ।
ਉਨ੍ਹਾਂ ਆਪਣੇ ਵਰਕਰਾਂ ਨੂੰ ਕਾਂਗਰਸ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਸਿਆਸੀ ਜੀਵਨ ਦੌਰਾਨ ਕਦੇ ਵੀ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਨਹੀਂ ਬੋਲੇ ਤੇ ਹੁਣ ਵੀ ਲੜਾਈ ਦੇਸ਼ ਦੇ ਮੁੱਦਿਆਂ ਦੀ ਹੈ। ਨਗਰ ਕੌਂਸਲ ਲਾਲੜੂ ਬਾਰੇ ਗੱਲ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਇਸ ਸਮੇਂ ਕੌਂਸਲ ਵਿੱਚ ਹੋ ਰਹੇ ਵਿਕਾਸ ਕਾਰਜ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਲਿਆਂਦੇ ਗਏ ਪੈਸੇ ਨਾਲ ਹੀ ਹੋ ਰਹੇ ਹਨ ਤੇ ਮੌਜੂਦਾ ਸਰਕਾਰ ਨੇ ਹੁਣ ਤੱਕ ਨਗਰ ਕੌਂਸਲ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਲਾਲੜੂ ਦੀ ਤਰਫੋਂ ਜ਼ੀਰਕਪੁਰ ਨਗਰ ਕੌਂਸਲ ਕੋਲੋਂ ਕਰਜ਼ ਮੰਗਣ ਦੀ ਬਜਾਏ , ਪੰਜਾਬ ਸਰਕਾਰ ਕੋਲੋਂ ਗ੍ਰਾਂਟ ਮੰਗੀ ਜਾਵੇ ਤਾਂ ਜੋ ਪਿਛਲੀ ਸਰਕਾਰ ਦੌਰਾਨ ਸ਼ੁਰੂ ਹੋਏ ਵਿਕਾਸ ਕਾਰਜ ਨੇਪਰੇ ਚਾੜੇ ਜਾ ਸਕਣ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੌਂਸਲਰ ਮਾਸਟਰ ਮੋਹਨ ਸਿੰਘ, ਬਲਕਾਰ ਸਿੰਘ ਦੱਪਰ, ਸੁਸ਼ੀਲ ਰਾਣਾ ਮਗਰਾ, ਯੁਗਵਿੰਦਰ ਸਿੰਘ ਰਾਠੌਰ,ਅਮਰੀਕ ਸਿੰਘ ਮਲਕਪੁਰ, ਜਰਨੈਲ ਸਿੰਘ ਝਾਰਮੜੀ, ਕਰਨੈਲ ਸਿੰਘ ਹਮਾਂਯੂਪੁਰ, ਪ੍ਰਤਾਪ ਰਾਣਾ, ਜਿੰਦਰ ਸਿੰਘ ਤੁਰਕਾ,ਹੈਰੀ ਹੰਡੇਸਰਾ, ਕਿਰਨਪਾਲ ਟਰੜਕ ,ਰਮੇਸ਼ ਪ੍ਰਜਾਪਤ,ਮੈਡਮ ਪਿੰਕੀ,ਵਾਰਡ 12 ਤੋਂ ਮੁਨੀਸ਼ ਕੁਮਾਰ ਤੇ ਪ੍ਰੇਮ ਚੰਦ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।