ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ ) ਦੀ ਅਗਵਾਈ ਹੇਠ ਅਰਵਿੰਦ ਖੰਨਾ ਦਾ ਪੁਤਲਾ ਫੂਕਿਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 17 ਅਪ੍ਰੈਲ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਹੈ ਕਿ ਮਾਲੇਰਕੋਟਲਾ ਵਿਖੇਬੀਜੇਪੀ ਦਾ ਪ੍ਰਮੁੱਖ ਆਗੂ ਅਰਵਿੰਦ ਖੰਨਾ ਬੂਥ ਸੰਮੇਲਨ ਕਰਨ ਆ ਰਿਹਾ ਸੀ, ਜਿਸਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਨਾਲ ਅਰਵਿੰਦ ਖੰਨਾ ਦਾ ਵਿਰੋਧ ਕਰਨ ਲਈ ਪਹੁੰਚੇ ਸੀ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਹੁਕਮਾਂ ’ਤੇ ਮਾਲੇਰਕੋਟਲਾ ਐੱਸ.ਐੱਸ.ਪੀ ਡਾ ਸਿਮਰਤ ਕੌਰ ਦੀ ਅਗਵਾਈ ਹੇਠ 3 ਡੀਐਸਪੀ ਗੁਰਦੇਵ ਸਿੰਘ ਮਾਲੇਰਕੋਟਲਾ, ਰਣਜੀਤ ਸਿੰਘ ਬੈਂਸ ਸਪੈਸ਼ਲ ਬ੍ਰਾਂਚ ਅਤੇ ਸਤੀਸ਼ ਕੁਮਾਰ ਸਮੇਤ ਐੱਸ.ਐੱਚ.ਓ ਵੱਡੀ ਗਿਣਤੀ ਵਿੱਚ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਕੇ ਪੱਗਾਂ ਉਤਾਰੀਆਂ ਗਈਆਂ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ 3 ਦਰਜਨਾਂ ਦੇ ਕਰੀਬ ਕਿਸਾਨਾਂ ਨੂੰ ਬੱਸਾਂ ਵਿੱਚ ਡੱਕ ਕੇ ਹਿਮਤਾਣਾ ਪੁਲਿਸ ਚੌਕੀ ਲਿਜਾਇਆ ਗਿਆ ਅਤੇ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਦੇ ਨਾਲ 10 ਦੇ ਕਰੀਬ ਕਿਸਾਨਾਂ ਨੂੰ ਸੀ ਆਈ ਏ ਮਾਹੋਰਾਣਾ ਵਿਖੇ ਭੁੱਖੇ ਤਿਹਾਏ ਰੱਖਿਆ ਗਿਆ। ਕਿਸਾਨਾਂ ’ਤੇ ਕੀਤੇ ਲਾਠੀਚਾਰਜ ਖ਼ਿਲਾਫ਼ ਅਰਵਿੰਦ ਖੰਨਾ ਦਾ ਮਾਲੇਰਕੋਟਲਾ ਬੀਜੇਪੀ ਦੇ ਦਫ਼ਤਰ ਅੱਗੇ ਪੁਤਲਾ ਫੂਕਿਆ ਗਿਆ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਬੀਜੇਪੀ ਦੀ ਬੀ ਟੀਮ ਦਾ ਸਬੂਤ ਦਿੱਤਾ ਕਿਉਂਕਿ ਭਗਵੰਤ ਮਾਨ ਦੇ ਹੁਕਮਾਂ ਨਾਲ ਮਾਲੇਰਕੋਟਲਾ ਦੇ ਪੁਲਿਸ ਪ੍ਰਸ਼ਾਸਨ ਨੇ ਲਾਠੀਚਾਰਜ ਕੀਤਾ, ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਮੀਤ ਹੇਅਰ ਦਾ ਪਿੰਡਾਂ ਵਿੱਚ ਸਖ਼ਤ ਵਿਰੋਧ ਕੀਤਾ ਜਾਵੇਗਾ। ਅਰਥੀ ਫੂਕ ਮੁਜ਼ਾਹਰੇ ਵਿੱਚ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਾਮਪੁਰ, ਗੁਰਪ੍ਰੀਤ ਸਿੰਘ ਅਮਰਗੜ੍ਹ ਜ਼ਿਲ੍ਹਾ ਲੁਧਿਆਣਾ ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਯੁਵਰਾਜ ਸਿੰਘ ਘੁਡਾਣੀ, ਮਲਕੀਤ ਸਿੰਘ ਹੇੜੀਕੇ, ਬਲਵੰਤ ਸਿੰਘ ਛੰਨਾਂ ਆਦਿ ਆਗੂ ਹਾਜ਼ਰ ਸਨ।