ਅੰਬਰੀਂ ਚੜ੍ਹਨ ਲੱਗੀ ਚੋਣ ਅਖਾੜੇ ਦੀ ਸਿਆਸੀ ਧੂੜ - ਬਠਿੰਡਾ ਹਲਕੇ ’ਚ ਲੀਡਰ ਪੱਬਾਂ ਭਾਰ
ਅਸ਼ੋਕ ਵਰਮਾ
ਬਠਿੰਡਾ, 17 ਅਪਰੈਲ2024: ਦੇਸ਼ ਭਰ ’ਚ ਅਗਲੀ ਲੋਕ ਸਭਾ ਦੇ ਗਠਨ ਲਈ ਕਰਵਾਈਆਂ ਜਾ ਰਹੀਆਂ ਆਮ ਚੋਣਾਂ ਨੂੰ ਲੈਕੇ ਬੇਸ਼ੱਕ ਪੰਜਾਬ ਦੇ 13 ਹਲਕਿਆਂ ’ਚ ਆਖਰੀ ਗੇੜ ਵਿੱਚ ਵੋਟਾਂ ਪੈਣਗੀਆਂ ਪਰ ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਬਠਿੰਡਾ ਹਲਕੇ ਵਿਚ ਚੋਣ ਅਖਾੜੇ ਦੀ ਧੂੜ ਅਗੇਤਿਆਂ ਹੀ ਅਸਮਾਨੀ ਚੜ੍ਹਨ ਲੱਗੀ ਹੈ। ਇਸ ਹਲਕੇ ’ਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦੋਂਕਿ ਅਕਾਲੀ ਦਲ ਇਸ ਮਾਮਲੇ ’ਚ ਪਛੜਿਆ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਪਿੜ ਮਘਾਇਆ ਜਾ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਤੋਂ ਇਲਾਵਾ ਉਨ੍ਹਾਂ ਦੇ ਲੜਕੇ ਸੁਮਿਤ ਖੁਡੀਆਂ ਨੇ ਚੋਣ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ।
ਦੂਜੇ ਪਾਸੇ ਭਾਜਪਾ ਉਮੀਦਵਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਫਿਲਾਹਲ ਆਪਣੇ ਬਲਬੂਤੇ ਤੇ ਚੋਣ ਪ੍ਰਚਾਰ ’ਚ ਕੁੱਦਣਾ ਪਿਆ ਹੈ। ਹਾਲਾਂਕਿ ਭਾਜਪਾ ਉਮੀਦਵਾਰ ਨੂੰ ਆਪਣੇ ਸਹੁਰੇ ਪ੍ਰੀਵਾਰ ਦੇ ਨਾਮ ਦਾ ਸਹਾਰਾ ਹੈ ਪਰ ਹਾਲ ਦੀ ਘੜੀ ਉਨ੍ਹਾਂ ਨੇ ਸਥਾਨਕ ਆਗੂਆਂ ਸਹਾਰੇ ਮੁਹਿੰਮ ਵਿੱਢ ਦਿੱਤੀ ਹੈ। ਪਰਮਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਕਿਸਾਨੀ ਵਿਰੋਧ ਦੀ ਚਿਣਗ ਦੌਰਾਨ ਪਿੰਡੋਂ ਪਿੰਡ ਜਾਣ ਲੱਗੇ ਹਨ। ਆਈਏਐਸ ਅਧਿਕਾਰੀ ਹੋਣ ਦੇ ਨਾਲ ਨਾਲ ਆਪਣਾ ਸਬੰਧ ਸਿਆਸੀ ਪ੍ਰਵਾਰ ਨਾਲ ਹੋਣ ਕਰਕੇ ਪਰਮਪਾਲ ਕੌਰ ਦੀ ਭਾਸ਼ਣ ਕਲਾ ਚੰਗਾ ਰੰਗ ਦਿਖਾਉਣ ਵਾਲੀ ਜਾਪਦੀ ਹੈ। ਪਰਮਪਾਲ ਕੌਰ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਤੇਵਰ ਤਿੱਖੇ ਹਨ।
ਭਾਵੇਂ ਸਿੱਧੇ ਤੌਰ ਤੇ ਉਨ੍ਹਾਂ ਅਜਿਹਾ ਕੁੱਝ ਨਹੀਂ ਕਿਹਾ ਪਰ ਦੋ ਸਾਲ ਪਹਿਲਾਂ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਵੱਲੋਂ ਰਾਮਪਰਾ ਹਲਕੇ ਤੋਂ ਉਮੀਦਵਾਰ ਨਾਂ ਬਨਾਉਣ ਦਾ ਦਰਦ ਪਰਮਪਾਲ ਕੌਰ ਦੀ ਗੱਲਬਾਤ ’ਚ ਸਾਫ ਦਿਖਾਈ ਦੇ ਰਿਹਾ ਹੈ। ਉਹ ਵੋਟਰਾਂ ਨੂੰ ਆਖਦੀ ਹੈ ਕਿ ਮੋਦੀ ਸਰਕਾਰ ਵੱਲੋਂ ਬਠਿੰਡਾ ਹਲਕੇ ਲਈ ਏਮਜ਼ ਵਰਗੇ ਵੱਡੇ ਪ੍ਰਜੈਕਟ ਦਿੱਤੇ ਗਏ ਹਨ ਇਸ ਲਈ ਹੁਣ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਹੈ। ਅੱਜ ਪਰਮਪਾਲ ਕੌਰ ਨੇ ਰਾਮ ਨੌਮੀ ਸਬੰਧੀ ਕੀਤੀ ਰਥ ਯਾਤਰਾ ’ਚ ਵੀ ਜਿਲ੍ਹਾ ਲੀਡਰਸ਼ਿਪ ਨਾਲ ਭਾਗ ਲਿਆ।ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕਥਿਤ ਨਾਕਾਮੀਆਂ ਨੂੰ ਮੁੱਖ ਮੁੱਦਾ ਬਣਾਇਆ ਹੋਇਆ ਹੈ।
ਹਰਸਿਮਰਤ ਵੱਲੋਂ ਭਾਜਪਾ ਅਤੇ ਕਾਂਗਰਸ ਤੇ ਵੀ ਬਰਾਬਰ ਦੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਬੀਬੀ ਬਾਦਲ ਦੱਸਦੀ ਹੈ ਕਿ ਦਿੱਲੀ ਵਾਲਿਆਂ ਨੇ ਹਮੇਸ਼ਾ ਹੀ ਪੰਜਾਬ ਨਾਲ ਧਰੋਹ ਕਮਾਇਆ ਹੈ ਇਸ ਲਈ ਲੋਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅੱਗੇ ਆਉਣ। ਬੀਬਾ ਬਾਦਲ ਨੇ ਅੱਜ ਮੌੜ ਮੰਡੀ ਵਿਖੇ ਰਾਮ ਨੌਮੀ ਸਮਾਗਮਾਂ ’ਚ ਸ਼ਿਰਕਤ ਕੀਤੀ ਅਤੇ ਨਥਾਣਾ ਵਿੱਚ ਦੋ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਹੱਕ ’ਚ ਫਤਵਾ ਦੇਣ ਦੀ ਮੰਗ ਕੀਤੀ। ਇਸੇ ਤਰਾਂ ਹੀ ਅੱਜ ਭੁੱਚੋ ਮੰਡੀ ਵਿਚ ਵੀ ਹਰਸਿਮਰਤ ਬਾਦਲ ਦੋ ਘਰਾਂ ’ਚ ਗਏ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਵੱਲੋਂ ਪੰਜਾਬ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਖੁਡੀਆਂ ਅਤੇ ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਹਰ ਪ੍ਰੀਵਾਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਜਿਸ ਕਰਕੇ 90 ਫੀਸਦੀ ਪ੍ਰੀਵਾਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਖੁਡੀਆਂ ਪੰਜਾਬ ਸਰਕਾਰ ਵੱਲੋਂ 40 ਹਜਾਰ ਦੇ ਕਰੀਬ ਪੱਕੀਆਂ ਨੌਕਰੀਆਂ ਦੇਣ ਦਾ ਜਿਕਰ ਵੀ ਕੀਤਾ ਜਾਂਦਾ ਹੈ। ਖੁਡੀਆਂ ਦੇ ਲੜਕੇ ਨੇ ਅੱਜ ਸੰਗਤ ਮੰਡੀ ਦੇ ਵਪਾਰੀਆਂ ਨਾਲ ਮੀਟਿੰਗ ਕਰਕੇ ਹਮਾਇਤ ਦੀ ਮੰਗ ਕੀਤੀ ਹੈ। ਹੁਣ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਮੁਹਿੰਮ ਦੀ ਪਿਛੇਤ ਕੱਢਣ ਦੀ ਤਿਆਰੀ ਕੀਤੀ ਹੈ। ਨਾਮ ਦਾ ਐਲਾਨ ਦੇਰੀ ਨਾਲ ਹੋਣ ਕਰਕੇ ਪ੍ਰਚਾਰ ਅਜੇ ਮੱਠਾ ਹੈ ਜਿਸ ਦੇ ਆਉਂਦੇ ਦਿਨਾਂ ’ਚ ਤੇਜੀ ਫੜ੍ਹਨ ਦੀ ਸੰਭਾਵਨਾ ਹੈ। ਇਸੇ ਤਰਾਂ ਹੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿਧਾਣਾ ਹਲਕੇ ’ਚ ਸਰਗਰਮ ਹਨ।
ਕਿਸਾਨ ਧਿਰਾਂ ਵੱਲੋਂ ਤਿੱਖਾ ਵਿਰੋਧ
ਕਿਸਾਨਾਂ ਦੇ ਪੰਜਾਬ ਅਤੇ ਦਿੱਲੀ ਅੰਦੋਲਨ ਨਾਲ ਜੁੜੇ ਮਸਲਿਆਂ ਅਤੇ ਮੰਗਾਂ ਨੂੰ ਲੈਕੇ ਹਲਕੇ ਦੀਆਂ ਕਿਸਾਨ ਧਿਰਾਂ ਵੱਲੋਂ ਭਾਜਪਾ ਅਤੇ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਠਿੰਡਾ ਹਲਕੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਿਆਸੀ ਲੀਡਰਾਂ ਦਾ ਵਿਰੋਧ ਕਰਨ ’ਚ ਮੋਹਰੀ ਹਨ ਜਦੋਂਕਿ ਹੋਰ ਵੀ ਕਿਸਾਨ ਧਿਰਾਂ ਇਸ ਮਾਮਲੇ ’ਚ ਡਟੀਆਂ ਹੋਈਆਂ ਹਨ। ਕਿਸਾਨ ਜੱਥੇਬੰਦੀਆਂ ਦੇ ਇਸ ਵਿਰੋਧ ਦਾ ਸਿੱਧਾ ਅਸਰ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੇ ਪੈਣ ਲੱਗਾ ਹੈ। ਹੁਣ ਜਦੋਂ ਅਗਲੇ ਦਿਨੀ ਚੋਣ ਪ੍ਰਚਾਰ ’ਚ ਹੋਰ ਵੀ ਤੇਜੀ ਆਉਣੀ ਹੈ ਤਾਂ ਕਿਸਾਨਾਂ ਵੱਲੋਂ ਮੁਖਲਾਫਤ ਦੇ ਸੁਰ ਵੀ ਉੱਚੇ ਹੋ ਸਕਦੇ ਹਨ ਜੋ ਸਿਆਸੀ ਆਗੂਆਂ ਲਈ ਚਿੰਤਾ ਦਾ ਵਿਸ਼ਾ ਹੈ।