ਕਣਕ ਦੇ ਮੰਡੀਕਰਨ ਸਮੇਂ ਮੁਸ਼ਕਿਲਾਂ ਤੋਂ ਬਚਣ ਲਈ ਫਸਲ ਦੀ ਕਟਾਈ ਪੱਕਣ ’ਤੇ ਹੀ ਕੀਤੀ ਜਾਵੇ : ਮੁੱਖ ਖੇਤੀਬਾੜੀ ਅਫਸਰ
ਦੀਪਕ ਗਰਗ
ਕੋਟਕਪੂਰਾ, 17 ਅਪ੍ਰੈਲ 2024:- ਕਣਕ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ’ਤੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਦਾਣਿਆਂ ’ਚ ਨਮੀ ਜ਼ਿਆਦਾ ਰਹਿਣ ਕਾਰਨ ਉਪਜ ਦੇ ਮਿਆਰੀਪਣ ਤੇ ਅਸਰ ਪੈਂਦਾ ਹੈ ਅਤੇ ਮੰਡੀਕਰਨ ਸਮੇਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਰੋੜੀ ਕਪੂਰਾ ਵਿੱਚ ਕਿਸਾਨਾਂ ਨਾਲ ਕੀਤੀ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੂੰ ਜਾਗਰੁਕ ਕਰਦਿਆਂ ਕਹੇ। ਇਸ ਮੌਕੇ ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਨਰਿੰਦਰ ਕੁਮਾਰ, ਅਗਾਂਹਵਧੂ ਕਿਸਾਨ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਕਣਕ ਦੀ ਕਟਾਈ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਸਮ ’ਚ ਆਈ ਤਬਦੀਲੀ ਕਾਰਨ ਕਣਕ ਦੇ ਨਾੜ ’ਚ ਅਜੇ ਕੁਝ ਸਿੱਲ ਹੈ ਤੇ ਕਣਕ ਦੇ ਦਾਣੇ ਵੀ ਪੂਰੀ ਤਰਾਂ ਨਹੀਂ ਪੱਕੇ ਹਨ। ਉਹਨਾਂਕਿਹਾ ਕਿ ਕਿ ਕੁਝ ਕਿਸਾਨ ਕਾਹਲੀ ’ਚ ਕਣਕ ਦੀ ਕੰਬਾਈਨ ਨਾਲ ਕਟਾਈ ਕਰਕੇ ਜਿਨਸ ਮੰਡੀ ’ਚ ਲਿਜਾ ਰਹੇ ਹਨ ਅਤੇ ਕਣਕ ਦੇ ਦਾਣਿਆਂ ’ਚ ਨਮੀ ਨਿਰਧਾਰਿਤ ਮਾਪਦੰਡ 12 ਫੀਸਦੀ ਤੋਂ ਵੱਧ ਹੋਣ ਕਾਰਨ, ਮੰਡੀ ਵਿੱਚ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਮੰਡੀ ਵਿੱਚ ਕਿਸੇ ਕਿਸਮ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਕਣਕ ਦੀ ਕਟਾਈ ਕਣਕ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ’ਤੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਦਾਣਿਆਂ ’ਚ ਨਮੀ ਜ਼ਿਆਦਾ ਰਹਿਣ ਕਾਰਨ ਉਪਜ ਦੇ ਮਿਆਰੀਪਣ ਤੇ ਮਾੜਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਜੇਕਰ ਦਾਣੇ ਦੰਦਾਂ ਨਾਲ ਦਬਾਉਣ ਤੇ ਕੜੱਕ ਕਰਕੇ ਟੁੱਟਣ ਤਾਂ ਸਮਝੋ ਨਮੀਂ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ, ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰਾਂ ਪੱਕਣ ਤੇ ਹੀ ਕੱਟੀ ਜਾਵੇ।
ਉਹਨਾਂ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਹੈ। ਉਹਨਾਂ ਕਿਹਾ ਕਿ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬ4ਾਉਣ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਕਣਕ ਦੇ ਨਾੜ ਵਿੱਚ ਨਮੀ ਅਤੇ ਤਰੇਲ ਹੋਣ ਕਾਰਨ ਨਾੜ੍ਹ ਵਿੱਚ ਕੁਝ ਨਮੀਂ ਰਹਿ ਸਕਦੀ ਹੈ। ਉਹਨਾਂ ਕਿਹਾ ਕਿ ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਨਾਉਣ ਸਮੇਂ ਕਈ ਵਾਰ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਮਸ਼ੀਨਰੀ ਦੇ ਨਾਲ-ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫਸਲ ਨੂੰ ਵੀ ਅੱਗ ਲੱਗ ਜਾਂਦੀ ਹੈ। ਉਹਨਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਨਾਉਣ ਲਈ ਰੀਪਰ ਦੀ ਵਰਤੋਂ ਕਰਨੀ ਚਾਹੀਦੀ ਹੈ।