ਸੰਧੂ ਸਮੁੰਦਰੀ ਨੇ ਰਾਮ ਨੌਮੀ ਦੇ ਅਵਸਰ ’ਤੇ ਮਜੀਠ ਮੰਡੀ ਵਿਖੇ ਧਾਰਮਿਕ ਸਮਾਗਮ ਵਿਚ ਹਿੱਸਾ ਲਿਆ
- ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਨਾਲ ਸਾਡੀ ਸੰਸਕ੍ਰਿਤੀ ਪੂਰੇ ਜ਼ੋਰ ਨਾਲ ਮੁੜ ਸੁਰਜੀਤ ਹੋਈ - ਤਰਨਜੀਤ ਸਿੰਘ ਸੰਧੂ ਸਮੁੰਦਰੀ
ਅੰਮ੍ਰਿਤਸਰ 17 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਰਾਮ ਨੌਮੀ ਦੇ ਅਵਸਰ ’ਤੇ ਮਜੀਠ ਮੰਡੀ ਵਿਖੇ ਧਾਰਮਿਕ ਸਮਾਗਮ ਵਿਚ ਹਿੱਸਾ ਲਿਆ ਅਤੇ ਸ ਕੀਰਤਨ ਸਰਵਨ ਕੀਤਾ। ਉਨ੍ਹਾਂ ਰਾਮ ਨੌਮੀ ਦੀਆਂ ਝਾਕੀਆਂ ਦੇ ਵੀ ਦਰਸ਼ਨ ਕੀਤੇ।
ਰਾਮ ਨੌਮੀ ਕਮੇਟੀ ਮਜੀਠ ਮੰਡੀ ਦੇ ਪ੍ਰਧਾਨ ਰਵਿੰਦਰ ਅਰੋੜਾ ਅਤੇ ਕਮੇਟੀ ਦੇ ਜਨਰਲ ਸਕੱਤਰ ਸਲਿਲ ਤੋਂ ਇਲਾਵਾ ਡਰਾਈ ਫਰੂਟ ਐਸੋਸੀਏਸ਼ਨ ਮਜੀਠ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਸ. ਸੰਧੂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤਰਨਜੀਤ ਸਿੰਘ ਸੰਧੂ ਦੇ ਨਾਲ ਹਰਵਿੰਦਰ ਸਿੰਘ ਸੰਧੂ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਹਲਕਾ ਕੇਂਦਰੀ ਤੋਂ ਇੰਚਾਰਜ ਰਾਮ ਚਾਵਲਾ, ਰਕੇਸ਼ ਵੈਦ, ਸੰਜੇ ਸ਼ਰਮਾ, ਅਤੁੱਲ ਮੈਸੀ, ਇੰਦਰ ਪਾਲ ਆਰਿਆ ਵੀ ਮੌਜੂਦ ਸਨ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ, ਭਾਰਤੀ ਧਰਮ ਸਭਿਆਚਾਰ ਅਤੇ ਜੀਵਨ ਜਾਚ ਦੀ ਆਤਮਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਨਾਲ ਸਾਡੀ ਸੰਸਕ੍ਰਿਤੀ ਪੂਰੇ ਜ਼ੋਰ ਨਾਲ ਮੁੜ ਸੁਰਜੀਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ ’ਤੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਵੀ ਚੁਣਨਗੇ ਤਾਂ ਜੋ ਉਹ ਆਪਣੇ ਕੰਮ ਨੂੰ ਸਮਰਪਣ ਦੀ ਭਾਵਨਾ ਨਾਲ ਜਾਰੀ ਰੱਖ ਸਕਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਵੀ ਅਜਿਹਾ ਚਾਹੁੰਦੇ ਹਨ।
ਤਰਨਜੀਤ ਸਿੰਘ ਸੰਧੂ ਇਸ ਮੌਕੇ ਬਾਹਰ ਦੁਕਾਨਦਾਰਾਂ ਨੂੰ ਵੀ ਮਿਲੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਆਸੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਭ੍ਰਿਸ਼ਟ, ਸੁਆਰਥੀ, ਹਉਮੈਵਾਦੀ ਅਤੇ ਅਸਫਲ ਸਿਆਸਤਦਾਨ ਕਿਸੇ ਸਾਂਝੀ ਵਿਚਾਰਧਾਰਾ ਜਾਂ ਰਾਸ਼ਟਰ ਸੇਵਾ ਲਈ ਨਹੀਂ, ਸਗੋਂ ਇੱਕ ਅਜਿਹੇ ਵਿਅਕਤੀ ਨੂੰ ਹੇਠਾਂ ਲਿਆਉਣ ਲਈ ਹੱਥ ਪੈਰ ਮਿਲਾ ਰਹੇ ਹਨ ਜਿਸ ਤੋਂ ਉਹ ਡਰਦੇ ਹਨ ਕਿ ਉਹ ਉਨ੍ਹਾਂ ਨੂੰ ਖ਼ਾਕ ਬਣਾ ਦੇਵੇਗਾ, ਜੇਕਰ ਮੋਦੀ ਮੁੜ ਸੱਤਾ 'ਚ ਆਉਂਦੇ ਹਨ ਤਾਂ ਉਹਨਾਂ ਨੂੰ ਆਪਣੇ ਮਾੜੇ ਕੰਮਾਂ ਲਈ ਲੋਕਾਂ ਨੂੰ ਜਵਾਬਦੇਹ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਉਦੇਸ਼ ਵਿਰੋਧ ਕਰਨਾ ਹੀ ਨਹੀਂ ਸਗੋਂ ਵਿਕਾਸ ਦੇ ਸਾਰੇ ਰਸਤੇ ਬੰਦ ਕਰਕੇ ਅਗਾਂਹਵਧੂ ਭਾਰਤੀ ਰਾਸ਼ਟਰ ਨੂੰ ਮੱਧਕਾਲੀ ਯੁੱਗ ਵਿੱਚ ਵਾਪਸ ਲਿਜਾਣ ਲਈ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਾਪਤੀਆਂ ਦੇ ਸਨਮੁਖ ਅੱਜ ਪੰਜਾਬ ਦੀ ਵਾਗਡੋਰ ਉਸ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੈ ਜਿਸ ਦਾ ਸੂਰਜ ਕੌਮੀ ਰਾਜਨੀਤੀ ਵਿਚ ਚੜ੍ਹਨ ਤੋਂ ਪਹਿਲਾਂ ਹੀ ਅਸੱਤ ਹੋ ਚੁਕਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗ਼ਰੀਬਾਂ, ਹਾਸ਼ੀਏ 'ਤੇ ਪਏ ਲੋਕਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਜਗਾ ਆਪਣੀ ਮਸ਼ਹੂਰੀ ਨੂੰ ਮੁੱਖ ਰੱਖ ਕੇ ਪੈਸਾ ਖ਼ਰਚ ਕਰ ਰਹੀ ਹੈ। ਸਿਹਤ ਅਤੇ ਪੇਂਡੂ ਵਿਕਾਸ ਲਈ ਕੇਂਦਰੀ ਫ਼ੰਡ ਨੂੰ ਆਮ ਆਦਮੀ ਕਲੀਨਿਕ ਵਰਗਿਆਂ ’ਤੇ ਹੋਰ ਉਦੇਸ਼ਾਂ ਲਈ ਖ਼ਰਚਿਆ ਗਿਆ। ਆਪ ਸਰਕਾਰ ਕਈ ਮਾਮਲਿਆਂ ’ਚ ਕੇਂਦਰ ਨਾਲ ਟਕਰਾਓ ਦੀ ਸਥਿਤੀ ਪੈਦਾ ਕੀਤੀ । ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਭਾਜਪਾ ਉਮੀਦਵਾਰ ਨੂੰ ਕਮਲ ਦੇ ਫੁੱਲ ’ਤੇ ਮੋਹਰਾਂ ਲਾਕੇ ਕਾਮਯਾਬ ਕਰਨ ਦੀ ਅਪੀਲ ਕੀਤੀ।