‘ਮੁਹੱਲਾ ਅਨੰਦ ਨਗਰ ਦੇ ਵਸਨੀਕਾਂ ਵਲੋਂ ਚੋਣਾਂ ਦਾ ਮੁਕੰਮਲ ਬਾਈਕਾਟ’
ਵੋਟਾਂ ਮੰਗਣ ਲਈ ਆਉਣ ਵੇਲੇ ਉਮੀਦਵਾਰ ਆਪਣੀ ਪਾਰਟੀ ਵਲੋਂ ਕਰਵਾਏ ਕੰਮਾਂ ਦੇ ਵੇਰਵੇ ਲੈ ਕੇ ਆਉਣ
ਕੋਟਕਪੂਰਾ, 18 ਅਪੈ੍ਰਲ 2024 :- ਰਵਾਇਤੀ ਪਾਰਟੀਆਂ ਦੀ ਤਰਾਂ ਸੱਤਾਧਾਰੀ ਧਿਰ ਵਲੋਂ ਵੀ ਕਰੋੜਾਂ ਰੁਪਿਆ ਵਿਕਾਸ ਕਾਰਜਾਂ ਲਈ ਦੇਣ ਦੇ ਦਾਅਵਿਆਂ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕ ਆਪਣੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਮੁਹੱਲਾ ਆਨੰਦ ਨਗਰ ਦੇ ਵਸਨੀਕਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਮੂਹ ਆਗੂਆਂ/ਉਮੀਦਵਾਰਾਂ ਨੂੰ ਬੈਨਰ ਲਾ ਕੇ ਹਦਾਇਤ ਕੀਤੀ ਹੈ ਕਿ ਉਹ ਆਨੰਦ ਨਗਰ ਮੁਹੱਲੇ ਵਿੱਚ ਆਉਣ ਵੇਲੇ ਇਸ ਮੁਹੱਲੇ ਵਿੱਚ ਉਹਨਾ ਦੀ ਪਾਰਟੀ ਵਲੋਂ ਕਰਵਾਏ ਗਏ ਕੰਮਾਂ ਦੇ ਵੇਰਵੇ ਨਾਲ ਲੈ ਕੇ ਆਉਣ। ਰਾਜਨੀਤਿਕ ਆਗੂਆਂ ਦੇ ਦਾਅਵਿਆਂ, ਵਾਅਦਿਆਂ ਅਤੇ ਲਾਰਿਆਂ ਕਾਰਨ ਮੁਹੱਲਾ ਵਾਸੀਆਂ ਨੇ ਚੋਣਾ ਦਾ ਮੁਕੰਮਲ ਬਾਈਕਾਟ ਕੀਤਾ ਹੈ। ਮੁਹੱਲਾ ਵਾਸੀਆਂ ’ਚ ਸ਼ਾਮਲ ਜਗਸੀਰ ਸਿੰਘ ਖਾਰਾ, ਰਜਿੰਦਰ ਸਿੰਘ ਸਰਾਂ, ਕੁਲਵੰਤ ਰਾਏ ਸ਼ਰਮਾ, ਪਿ੍ਰਤਪਾਲ ਸਿੰਘ, ਦਲਜਿੰਦਰ ਸਿੰਘ ਸੰਧੂ, ਮਨਜੀਤ ਸਿੰਘ ਠਾਣੇਦਾਰ, ਵਿਸਾਖਾ ਸਿੰਘ ਸਰਾਂ, ਜੋਗਿੰਦਰ ਸਿੰਘ ਸੂਰਘੂਰੀ ਆਦਿ ਨੇ ਆਖਿਆ ਕਿ ਮੁਹੱਲਾ ਵਾਸੀਆਂ ਵਲੋਂ 20 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਸਮੇਂ ਬੜੇ ਉਤਸ਼ਾਹ ਨਾਲ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ਇਸ ਮੁਹੱਲੇ ਦੇ ਲੋਕ ਨਰਕ ਵਾਲਾ ਜੀਵਨ ਜਿਉਣ ਲਈ ਮਜਬੂਰ ਹਨ, ਮੁਹੱਲਾ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋਣ ਦੇ ਬਾਵਜੂਦ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ। ਮੁਹੱਲਾ ਵਾਸੀਆਂ ਦੇ ਇਸ ਫੈਸਲੇ ਨਾਲ ਦਸਮੇਸ਼ ਗਲੋਬਲ ਸਕੂਲ ਦੇ ਪਿ੍ਰੰਸੀਪਲ ਸਮੇਤ ਸਮੂਹ ਅਧਿਆਪਕ, ਬੱਚਿਆਂ ਦੇ ਮਾਪੇ, ਸਕੂਲ ਵੈਨਾ ਦੇ ਮਾਲਕ ਅਤੇ ਡਰਾਈਵਰ ਵੀ ਸਹਿਮਤ ਹਨ।