ਹੇਸਟਿੰਗਜ਼: ਨਗਰ ਕੀਰਤਨ ਦੇ ਦਰਸ਼ਨ
‘‘ਫੁੱਲਾਂ ਲੱਦੀ ਪਾਲਕੀ ਸਿੰਘ ਚੌਰ ਝੁਲਾਵੇ,
ਰਾਗੀ ਸ਼ਬਦ ਉਚਾਰਦੇ ਨਾਲੇ ਸੰਗਤ ਗਾਵੇ’’
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 20 ਅਪ੍ਰੈਲ 2024:-ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ ਪਾਲਕੀ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸਵੇਰੇ 10.30 ਵਜੇ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਅਤੇ ਇਹ ਸ਼ਹਿਰ ਦੇ ਕਈ ਹਿਸਿਆਂ ਦੇ ਵਿਚ ਪਰਿਕਰਮਾ ਕਰਕੇ ਇਹ ਨਗਰ ਕੀਰਤਨ ਵਾਪਿਸ 12 ਵਜੇ ਗੁਰਦੁਆਰਾ ਸਾਹਿਬ ਪਰਤਿਆ। ਸੰਗਤ ਦਾ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ਦੀ ਸ਼ਾਨ ਵਧਾ ਰਿਹਾ ਸੀ।
ਜੈਕਾਰਿਆਂ ਦੀ ਗੂੰਜ ਨਾਲ ਹੇਸਟਿੰਗਜ਼ ਸ਼ਹਿਰ ਦਾ ਵੱਖਰਾ ਮਾਹੌਲ ਸਿਰਜਿਆ ਗਿਆ। ਸਥਾਨਕ ਮੈਂਬਰ ਪਾਰਲੀਮੈਂਟ ਕੈਥਰੀਨ ਵੈਡ ਅਤੇ ਨੈਂਨਸੀ ਲੂ ਵੀ ਪਹੁੰਚੇ। ਭਾਈ ਗੁਰਨਾਮ ਸਿੰਘ ਖੁਰਦਪੁਰ ਵਾਲਿਆਂ ਦੇ ਰਾਗੀ ਜੱਥੇ ਨੇ ਇਸ ਮੌਕੇ ਕੀਰਤਨ ਅਤੇ ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਨੇ ਵੀ ਇਸ ਮੌਕੇ ਜੋਸ਼ਮਈ ਕਵਿਤਾਵਾਂ ਸਰਵਣ ਕਰਵਾਈਆਂ। ਨਗਰ ਕੀਰਤਨ ਦੇ ਮੂਹਰੇ ਗਤਕੇ ਦੇ ਜੌਹਰ ਵੀ ਵਿਖਾਏ ਗਏ। ਸੰਗੀਤਕ ਸੁਰਾਂ ਲਈ ਗੋਰਿਆਂ ਦਾ ਬੈਂਡ ਵੀ ਮੰਗਵਾਇਆ ਗਿਆ ਸੀ। ਸਮੂਹ ਮੈਨੇਜਮੈਂਟ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸ੍ਰੀ ਅਖੰਠ ਪਾਠ ਆਰੰਭ ਹੋਏ ਸਨ ਅਤੇ ਕੱਲ੍ਹ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਅਤੇ ਕੀਰਤਨ ਦੀਵਾਨ ਸਜੇਗਾ। ਸਮੂਹ ਸੰਗਤ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਹੈ।