ਪੰਡੋਰੀ ਧਾਮ ਦੇ ਟਰੈਫਿਕ ਤੋਂ ਰਾਹਤ ਦਵਾਏਗਾ ਗਾਜ਼ੀਕੋਟ ਵਿਖੇ ਬਣ ਰਿਹਾ ਨਵਾਂ ਪੁੱਲ
ਰੋਹਿਤ ਗੁਪਤਾ
ਗੁਰਦਾਸਪੁਰ , 22 ਅਪ੍ਰੈਲ 2024 : ਗੁਰਦਾਸਪੁਰ ਪੰਡੋਰੀ ਮਹੰਤਾ ਰੋਡ ਤੇ ਪਿੰਡ ਗਾਜੀਕੋਟ ਤੋਂ ਨਿਕਲਦੀ ਅੱਪਰ ਬਾਰੀ ਦੁਆਬ ਨਹਿਰ ਤੇ ਬਣ ਰਿਹਾ ਪੁੱਲ ਇਸ ਰੋਡ ਤੇ ਦਿਨੋ ਦਿਨ ਵੱਧ ਰਹੀ ਆਵਾਜਾਈ ਦੀ ਸਮੱਸਿਆ ਨੂੰ ਘਟਾਉਣ ਵਿੱਚ ਸਹਾਈ ਸਾਬਤ ਹੋਵੇਗਾ। ਲਗਭਗ 581 ਕਰੋੜ ਰੁਪਏ ਦੀ ਲਾਗਤ ਨਾਲ ਸਵਾਸਤਿਕ ਐਂਟਰਪ੍ਰਾਈਜਜ ਵੱਲੋਂ ਉਸਾਰੇ ਜਾ ਰਹੇ ਇਸ ਪੁੱਲ ਦਾ ਕੰਮ ਇਸੇ ਸਾਲ ਦੇ ਜਨਵਰੀ ਮਹੀਨੇ ਵਿੱਚ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਪਹਿਲੇ ਚਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ । ਲਗਭਗ 25 ਫੀਸਦੀ ਹੋ ਚੁੱਕੇ ਇਸ ਕੰਮ ਵਿੱਚ ਨੀਹਾਂ ਪੁੱਟਣਾ ਅਤੇ ਨੀਹਾਂ ਵਿੱਚ ਮਜਬੂਤੀ ਲਿਆਉਣ ਲਈ ਧਰਤੀ ਹੇਠਾਂ ਸਰੀਏ ਦੇ ਜਾਲ ਵਿਛਾਉਣਾ ਆਦਿ ਸ਼ਾਮਲ ਹੈ । ਪੁੱਲ ਬਣਾ ਰਹੀ ਕੰਪਨੀ ਦਾ ਦਾਵਾ ਹੈ ਕਿ ਪੁੱਲ ਨੂੰ ਬਣਾਉਣ ਲਈ ਦਿੱਤੀ ਗਈ ਮਿਤੀ ਦਸੰਬਰ 2024 ਤੋਂ ਪਹਿਲਾਂ ਹੀ ਪੁੱਲ ਦਾ ਨਿਰਮਾਣ ਕਾਰਜ ਮੁਕੰਮਲ ਕਰਕੇ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।
ਅੰਗਰੇਜ਼ਾਂ ਦੇ ਸਮੇਂ ਬਨਾਏ ਗਏ ਪੁਰਾਣੇ ਪੁੱਲ ਦੀ ਮਜਬੂਤੀ ਦੀ ਗੱਲ ਕਰੀਏ ਤਾਂ ਦਹਾਕਿਆਂ ਤੋਂ ਇਸ ਪੁੱਲ ਤੋਂ ਭਾਰੀ ਆਵਾਜਾਈ ਦਾ ਆਣਾ ਜਾਣਾ ਹੈ ਪਰ ਕਦੇ ਪੁੱਲ ਦੀ ਮੁਰੰਮਤ ਦੀ ਜਰੂਰਤ ਨਹੀਂ ਪਈ। ਹੁਣ ਆਵਾਜਾਈ ਦੇ ਸਾਧਨ ਬਹੁਤ ਜਿਆਦਾ ਹੋਣ ਕਾਰਨ ਪੁੱਲ ਛੋਟਾ ਸਾਬਤ ਹੋਣ ਲੱਗ ਪਿਆ ਅਤੇ ਆਮੋ ਸਾਹਮਣੇ ਹੋ ਦੋ ਭਾਰੀ ਗੱਡੀਆਂ ਆਣ ਤੇ ਇੱਕ ਗੱਡੀ ਨੂੰ ਭੁੱਲ ਤੋਂ ਪਿੱਛੇ ਹੀ ਰੁਕਣਾ ਪੈਂਦਾ ਸੀ ਇਸਲਈ ਇਸ ਦੀ ਜਗ੍ਹਾ ਤੇ ਵੱਡਾ ਫੁੱਲ ਖੜਾ ਕਰਨ ਦੀ ਜਰੂਰਤ ਮਹਿਸੂਸ ਹੋਈ। ਨਵੇਂ ਪੁਲ ਦੀਆਂ ਨੀਹਾਂ ਵਿੱਚ ਕੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਤੋਂ ਬਾਅਦ ਗਾਰਡਰ ਜੋ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਬਟਾਲੇ ਤੋਂ ਤਿਆਰ ਕਰਵਾਏ ਜਾ ਰਹੇ ਹਨ ਇਸ ਦੇ ਉੱਪਰ ਫਿੱਟ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਉਪਰ ਸੀਮੈਂਟ ਦੀਆਂ ਪਲੇਟਾਂ ਯਾਨੀ ਕਿ ਪੱਕੇ ਪੁੱਲ ਦਾ ਨਿਰਮਾਣ ਹੋਵੇਗਾ। ਪੁਰਾਣੇ ਪੁੱਲ ਦੇ ਉੱਪਰ ਹੀ ਨਵਾਂ ਪੁੱਲ ਖੜਾ ਹੋਣ ਤੋਂ ਬਾਅਦ ਥੱਲੇ ਵਾਲਾ ਪੁਰਾਣਾ ਪੁਲ ਤੋੜ ਦਿੱਤਾ ਜਾਵੇਗਾ। ਨਿਰਮਾਣ ਕਰਨ ਵਾਲੀ ਕੰਪਨੀ ਸਵਾਸਤਿਕ ਐਂਟਰਪ੍ਰਾਈਜਿਸ ਦੇ ਹਿੱਸੇਦਾਰ ਪਾਰਸ ਵਡਹਿਰਾ ਦਾਅਵਾ ਕਰਦੇ ਹਨ ਕਿ ਨਵਾਂ ਪੁੱਲ ਪੁਰਾਣੇ ਪੁੱਲ ਨਾਲੋਂ ਵੀ ਮਜਬੂਤ ਹੋਵੇਗਾ।
ਨਵੇਂ ਪੁੱਲ ਦੀ ਬਣਤਰ ਦੀ ਗੱਲ ਕਰੀਏ ਤਾਂ ਪੁਰਾਣਾ ਪੁੱਲ ਜਿੱਥੇ ਸਾਡੇ ਸੱਤ ਮੀਟਰ ਚੌੜਾ ਅਤੇ 46 ਮੀਟਰ ਦੇ ਕਰੀਬ ਲੰਬਾ ਸੀ ਉੱਥੇ ਹੀ ਨਵਾਂ ਪੁੱਲ ਪੁਰਾਣੇ ਪੁਲ ਤੋਂ ਲਗਭਗ ਪੋਣੇ ਦੋ ਗੁਣਾ ਚੋੜਾ ਹੋਵੇਗਾ। ਇਸ ਦੀ ਚੌੜਾਈ ਹੁਣ 13 ਮੀਟਰ ਜਦਕਿ ਲੰਬਾਈ 75 ਮੀਟਰ ਹੋਵੇਗੀ।
ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਬਣਾਏ ਜਾ ਰਹੇ ਇਸ ਪੁੱਲ ਦੇ ਬਣਨ ਕਾਰਨ ਗੁਰਦਾਸਪੁਰ ਤੋਂ ਪੰਡੋਰੀ ਤੱਕ ਆਣ ਜਾਣ ਲਈ ਬੇਸ਼ੱਕ ਵੱਡੀਆਂ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਪਰ ਦੋਪਹੀਆ ਗੱਡੀਆਂ ਲਈ ਫਿਲਹਾਲ ਪੁੱਲ ਦੇ ਕਿਨਾਰੇ ਤੋਂ ਹੀ ਆਰਜੀ ਰਸਤਾ ਛੱਡਿਆ ਗਿਆ ਹੈ। ਹਾਲਾਂਕਿ ਇਹ ਰਸਤਾ ਵੀ ਗਾਡਰ ਰੱਖਣ ਉਪਰੰਤ ਬੰਦ ਕਰਨਾ ਪਵੇਗਾ ਤੇ ਲੋਕ ਲੰਬਾ ਰਸਤਾ ਤੈਅ ਕਰਕੇ ਗੁਰਦਾਸਪੁਰ ਤੋ ਪੰਡੋਰੀ ਅਤੇ ਪੰਡੋਰੀ ਤੋਂ ਗੁਰਦਾਸਪੁਰ ਆਣ ਜਾਣ ਲਈ ਮਜਬੂਰ ਹੋ ਜਾਣਗੇ ਪਰ ਪੁੱਲ ਦਾ ਨਿਰਮਾਣ ਕਰਾ ਰਹੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਲਵਜੀਤ ਸਿੰਘ ਅਨੁਸਾਰ ਇਹ ਪਰੇਸ਼ਾਨੀ ਕੁਝ ਹੀ ਮਹੀਨੇ ਦੀ ਹੋਵੇਗੀ। ਪੁਲ ਦਾ ਨਿਰਮਾਣ ਹੋਣ ਤੇ ਇਸ ਇਲਾਕੇ ਦੀ ਹੈਵੀ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪੰਡੋਰੀ ਧਾਮ ਵਿਖੇ ਲੱਗਣ ਵਾਲੇ ਮੇਲਿਆਂ ਦੇ ਸਮੇਂ ਹੋਣ ਵਾਲੀ ਟਰੈਫਿਕ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਏਗਾ।