ਬਠਿੰਡਾ ਹਲਕਾ: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ –ਟਿਕ ਗਈਆਂ ਸਭ ਦੀਆਂ ਨਜ਼ਰਾਂ
ਅਸ਼ੋਕ ਵਰਮਾ
ਬਠਿੰਡਾ, 22 ਅਪਰੈਲ 2024 :ਸਿਆਸੀ ਪੱਖ ਤੋਂ ਅਹਿਮ ਸਮਝੇ ਜਾਾਂਦੇ ਲੋਕ ਸਭਾ ਹਲਕਾ ਬਠਿੰਡਾ ’ਚ ਹੁਣ ਅਗਾਮੀ ਚੋਣ ਜੰਗ ਲਈ ਮੈਦਾਨ ਪੱਧਰਾ ਹੋ ਗਿਆ ਹੈ। ਪਿਛਲੇ ਲੰਮੇਂ ਸਮੇਂ ਦੀ ਉਡੀਕ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੱਤੇ ਖੋਹਲਦਿਆਂ ਸਿਟਿੰਗ ਸੰਸਦ ਮੈਂਬਰ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਅੱਜ ਦੇ ਐਲਾਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਬਠਿੰਡਾ ਹਲਕੇ ’ਚ ਚਹੁੰ ਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ। ਹਰਸਿਮਰਤ ਬਾਦਲ ਦੇ ਮੁਕਾਬਲੇ ’ਚ ਭਾਜਪਾ ਉਮੀਦਵਾਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਹੋਣਗੇ ਜਦੋਂਕਿ ਕਾਂਗਰਸ ਦਾ ਉਮੀਦਵਾਰ ਕਦੇ ਸੁਖਬੀਰ ਸਿੰਘ ਬਾਦਲ ਦੀ ਮੁੱਛ ਦਾ ਵਾਲ ਰਿਹਾ ਜੀਤਮੋਹਿੰਦਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ’ਚ ਮੰਤਰੀ ਗੁਰਮੀਤ ਸਿੰਘ ਖੁਡੀਆਂ ਤੇ ਦਾਅ ਲਾਇਆਾ ਹੈ।
ਇਸ ਚੋਣ ਜੰਗ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਹਰਸਿਮਰਤ ਬਾਦਲ ਹੈਟਰਿਕ ਬਨਾਉਣ ਉਪਰੰਤ ਚੌਥੀ ਵਾਰ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੀ ਹੈ ਜਦੋਂਕਿ ਬਾਕੀ ਸਿਆਸੀ ਧਿਰਾਂ ਆਪਣੀ ਜਿੱਤ ਤੋਂ ਇਲਾਵਾ ਹਰਸਿਮਰਤ ਦਾ ਰਾਹ ਰੋਕਣ ਦਾ ਯਤਨ ਕਰਨਗੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਮਗਰੋਂ ਇਹ ਪਹਿਲਾ ਵੱਡਾ ਰਾਜਸੀ ਇਮਤਿਹਾਨ ਹੈ ਜਿਸ ਚੋਂ ਹਰਸਿਮਰਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੰਘਣ ਲਈ ਕਰੜੀ ਮੁਸ਼ੱਕਤ ਕਰਨੀ ਪੈਣੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਬਾਦਲਾਂ ਦਾ ਭਵਿੱਖ ਹੀ ਤੈਅ ਨਹੀਂ ਕਰਨਗੀਆਂ ਸਗੋਂ 1996 ਤੋਂ ਭਾਈਵਾਲ ਚਲੀ ਆ ਰਹੀ ਭਾਜਪਾ ਨਾਲ ਅਕਾਲੀ ਦਲ ਦਾ ਗਠਜੋੜ ਨਹੀਂ ਹੋਇਆ ਹੈ ਅਤੇ ਭਾਜਪਾ ਨੇ ਆਪਣਾ ਉਮੀਦਵਾਰ ਮਲੂਕਾ ਪ੍ਰੀਵਾਰ ਦੀ ਨੂੰਹ ਅਤੇ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਬਣਾਇਆ ਹੈ।
ਦੱਸਣਯੋਗ ਹੈ ਕਿ ਪਹਿਲੀ ਦਫਾ ਹਰਸਿਮਰਤ ਬਾਦਲ ਨੇ ਸਾਲ 2009 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਪਿੜ ਵਿੱਚ ਜੇਤੂ ਪੈਰ ਧਰਿਆ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਬਾਦਲ ਪ੍ਰੀਵਾਰਾਂ ਵਿਚਕਾਰ ਟੱਕਰ ਦੇਖਣ ਨੂੰ ਮਿਲੀ ਸੀ ਜਦੋਂ ਅਕਾਲੀ ਦਲ ਤੋਂ ਵੱਖ ਹੋਕੇ ਪੀਪਲਜ਼ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਨੇ ਚੋਣ ਮੈਦਾਨ ’ਚ ਉਤਰ ਦਿੱਤਾ ਸੀ। ਇਸ ਵਾਰ ਆਪਣੇ ਸ਼ਰੀਕ ਅਤੇ ਦਿਉਰ ਹੱਥੋਂ ਬੀਬੀ ਬਾਦਲ ਮਸਾਂ 19 ਹਜਾਰ 395 ਵੋਟਾਂ ਨਾਲ ਹੀ ਜਿੱਤ ਪ੍ਰਾਪਤ ਕਰ ਸਕੀ। ਹਰਸਿਮਰਤ ਨੂੰ 5ਲੱਖ 14 ਹਜਾਰ 727 ਅਤੇ ਮਨਪ੍ਰੀਤ ਬਾਦਲ 4ਲੱਖ 95 ਹਜਾਰ332 ਵੋਟਾਂ ਪਈਆਂ ਜਦੋਂਕਿ ਆਮ ਆਦਮੀ ਪਾਰਟੀ ਦਾ ਜੱਸੀ ਜਸਰਾਜ 87,901 ਵੋਟਾਂ ਹਾਸਲ ਕਰ ਸਕਿਆ ਸੀ।
ਸਾਲ 2019 ਦੀਆਂ ਚੋਣਾਂ ਮੌਕੇ ਹਰਸਿਮਰਤ ਕੌਰ ਬਾਦਲ ਨੇ ਸਖਤ ਮੁਕਾਬਲੇ ’ਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾ ਕੇ ਹਲਕੇ ’ਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਸੀ। ਹਰਸਿਮਰਤ ਕੌਰ ਬਾਦਲ ਨੂੰ 4,92,824 ਵੋਟਾਂ ਪਈਆਂ ਜਦੋਂ ਕਿ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ ਸਨ। ਬਠਿੰਡਾ ਤੋਂ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 1,34,398 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ’ਤੇ ਰਹੀ ਸੀ।ਦੁਆਬੇ ਤੋਂ ਵੱਡੇ ਘਰ ਨਾਲ ਟੱਕਰ ਲੈਣ ਲਈ ਆਏ ਸੁਖਪਾਲ ਖਹਿਰਾ ਨਾਲ ਸਭ ਤੋਂ ਭੈੜੀ ਹੋਈ ਜਿਸ ਨੂੰ ਸਿਰਫ 38,199 ਵੋਟਾਂ ਮਿਲੀਆਂ ਅਤੇ ਜਮਾਨਤ ਜਬਤ ਹੋ ਗਈ ਸੀ। ਹਰਸਿਮਰਤ ਬਾਦਲ ਨੇ ਮਿਸ਼ਨ 2024 ਨੂੰ ਦੇਖਦਿਆਂ ਲਗਾਤਰ ਆਪਣੇ ਹਲਕੇ ’ਚ ਰਾਬਤਾ ਬਣਾਇਆ ਹੋਇਆ ਹੈ। ਹਾਲਾਂਕਿ ਇਸ ਦੌਰਾਨ ਹਲਕਾ ਬਦਲਣ ਦੀ ਗੱਲ ਵੀ ਚੱਲੀ ਪਰ ਅੰਤ ਨੂੰ ਹਰਸਿਮਰਤ ਬਾਦਲ ਉਮੀਦਵਾਰ ਬਣ ’ਚ ਸਫਲ ਹੋ ਗਈ।
ਬਠਿੰਡਾ ਹਲਕੇ ’ਚ ਅਕਾਲੀ ਦਲ ਨੂੰ ਕਈ ਸਿਆਸੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ , ਜੀਤਮੋਹਿੰਦਰ ਸਿੰਘ ਸਿੱਧੂ ਅਤੇ ਜਗਦੀਪ ਸਿੰਘ ਨਕਈ ਛੱਡ ਗਏ। ਨੂੰਹ ਖੜ੍ਹੀ ਹੋਣ ਕਾਰਨ ਕਈ ਹਲਕਿਆਂ ’ਚ ਪ੍ਰਭਾਵ ਰੱਖਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸਾਥ ਵੀ ਹਰਸਿਮਰਤ ਬਾਦਲ ਨੂੰ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਉਂਜ ਬਾਦਲ ਪ੍ਰੀਵਾਰ ਦੀ ਚੋਣ ਮਨੈਜਮੈਂਟ ਨੂੰ ਸਿਆਸੀ ਵਿਰੋਧੀਆਂ ਵੱਲੋਂ ਅਭੇਦ ਸਮਝਿਆ ਜਾਣ ਕਰਕੇ ਐਤਕੀਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੱਡੇ ਬਾਦਲ ਨੂੰ ਹਰਾਉਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਅਗੇਤਿਆਂ ਹੀ ਉਮੀਦਵਾਰ ਐਲਾਨ ਦਿੱਤਾ । ਸਾਲ 2009 ਅਤੇ 2014 ’ਚ ਪੰਜਾਬ ਦੀ ਸੱਤਾ ਤੇ ਕਾਬਜ ਗੱਠਜੋੜ ਦਾ ਹੱਥ ਸੀ ਪਰ 2019 ਦੀ ਹਨੇਰੀ ਦੌਰਾਨ ਜਿੱਤਣਾ ਅਤੇ 2024 ਵਿੱਚ ਜਿੱਤ ਬਰਕਰਾਰ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
ਇਹ ਵੀ ਪਰਖ ਦੀ ਘੜੀ
ਸਾਲ 1951 ਤੋਂ 2019 ਦੀਆਂ ਸੰਸਦੀ ਚੋਣਾਂ ਦੌਰਾਨ 4 ਵਾਰ ਕਾਂਗਰਸ ਜਿੱਤੀ ਜਦੋਂਕਿ ਦੋ ਵਾਰ ਸੀਪੀਆਈ ਤੇ ਕਾਂਗਰਸ ਦਾ ਸਾਂਝਾ ਉਮੀਦਵਾਰ ਜਿੱਤਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ 9 ਵਾਰ ਜਿੱਤ ਪ੍ਰਾਪਤ ਕੀਤੀ ਅਤੇ ਇੱਕ ਵਾਰ ਸੰਤ ਅਕਾਲੀ ਦਲ ਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਉਮੀਦਵਾਰ ਜੇਤੂ ਰਿਹਾ ਸੀ।ਲੰਘੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਮਾਰੀਏ ਤਾਂ ਬਠਿੰਡਾ ਸੰਸਦੀ ਹਲਕੇ ’ਚ ਪੈਂਦੇ ਸਮੂਹ ਵਿਧਾਨ ਸਭਾ ਹਲਕਿਆਂ ’ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ। ਸਾਲ 2009 ਤੋਂ ਪਹਿਲਾਂ ਲੋਕ ਸਭਾ ਹਲਕਾ ਬਠਿੰਡਾ ਰਾਖਵਾਂ ਹੋਇਆ ਕਰਦਾ ਸੀ। ਹੁਣ ਚਾਰ ਧਿਰੀ ਮੁਕਾਬਲਿਆਂ ਅਕਾਲੀ ਉਮੀਦਵਾਰ ਦਾ ਕੀ ਬੈਂਗਣੀ ਉੱਘੜਦਾ ਹੈ ਜਿਸ ਤੇ ਹੁਣ ਸਭ ਦੀਆਂ ਨਜ਼ਰਾਂ ਅੱਜ ਤੋਂ ਹੀ ਟਿਕ ਗਈਆਂ ਹਨ।