Big Breaking: ਗੁਰੂ ਨਗਰੀ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 22 ਅਪ੍ਰੈਲ 2024- ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਆਏ ਦਿਨ ਸ਼ਹਿਰ ਦੇ ਵੱਖ-ਵੱਖ ਹਲਕਿਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ। ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਉੱਥੇ ਹੀ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਅੰਮ੍ਰਿਤਸਰ ਦੇ ਬਾਈਪਾਸ ਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੁਝ ਦਿਨ ਪਹਿਲਾਂ ਹੀ ਜੇਲ ਚੋਂ ਜਮਾਨਤ ਤੋਂ ਬਾਹਰ ਆਇਆ ਸੀ। ਦੋ ਨੌਜਵਾਨਾਂ ਵੱਲੋਂ ਬਲੈਰੋ ਗੱਡੀ ਤੇ ਸਵਾਰ ਹੋ ਕੇ ਤਿੰਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ, ਜਿਸ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਹਿਛਾਣ ਰੁਪਿੰਦਰ ਵਾਸੀ ਪਿੰਡ ਘਨੂਪੁਰ ਕਾਲੇ ਕੇ ਵਜੋਂ ਹੋਈ।
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਚ ਪਿੰਡ ਘੰਨੂਪੁਰ ਕਾਲੇ ਕੇ ਦੇ ਵਾਸੀ ਰੁਪਿੰਦਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਿਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਦਰਜ ਸੀ ਤੇ ਕੁਝ ਦਿਨ ਪਹਿਲਾਂ ਰੁਪਿੰਦਰ ਜ਼ਮਾਨਤ ਤੇ ਜੇਲ ਚੋ ਬਾਹਰ ਆਇਆ ਸੀ। ਪੁਲਿਸ ਅਨੁਸਾਰ ਇਲਾਕੇ ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।