ਮਾਨਵਤਾ ਤੇ ਵਾਤਾਵਰਨ ਨੂੰ ਸਮਰਪਿਤ ‘ਜਤਿੰਦਰ ਮਨਚੰਦਾ’ ਰੁਖ਼ਸਤ
ਨਰਿੰਦਰ ਪਾਲ
ਲੁਧਿਆਣਾ , 23 ਅਪ੍ਰੈਲ 2024 :
ਧਰਤੀ ਪੁੱਤਰ ‘ਹਰਿਆ ਬੂਟ’ ਜਤਿੰਦਰਪਾਲ ਸਿੰਘ ਮਨਚੰਦਾ ਭਾਵੇਂ ਸਰੀਰਕ ਰੂਪ ਵਿੱਚ ਇਸ ਸਮਾਜ ਨੂੰ ਛੱਡ ਚੁੱਕੇ ਹਨ ਪਰ ਉਨ੍ਹਾਂ ਦੇ ਘਣਛਾਂਵੇ ਬੂਟੇ ਹੇਠਾਂ ਪੈਦਾ ਹੋਏ ਅਣਗਿਣਤ ਪੌਦੇ ਉਨ੍ਹਾਂ ਦੀ ਸੋਚ ਨੂੰ ਜਿਉਂਦਾ ਰੱਖਦਿਆਂ ਇਸ ਸਮਾਜ ਲਈ ਹਮੇਸ਼ਾ ਕੁਝ ਚੰਗਾ ਕਰਦੇ ਰਹਿਣਗੇ। ਪਿਛਲੇ ਦਿਨੀਂ ਬੇ-ਵਕਤੇ ਇਸ ਜਹਾਨ ‘ਚੋਂ ਰੁਖ਼ਸਤ ਹੋਣ ਵਾਲੇ ਜਤਿੰਦਰ ਪਾਲ ਸਿੰਘ ਮਨਚੰਦਾ ਨਾਲ ਇੱਕ ਸਫਲ ਕਾਰੋਬਾਰੀ, ਸਮਾਜ ਸੇਵੀ, ਪ੍ਰੇਰਣਾਦਾਇਕ ਸਪੀਕਰ, ਪਰਿਵਾਰਕ ਰਿਸ਼ਤਿਆਂ ਦੇ ਮਹੱਤਵ ਦੱਸ ਕੇ ਪਰਿਵਾਰਾਂ ਨੂੰ ਜੋੜਨ ਵਾਲੇ, ਆਦਿ ਅਨੇਕਾਂ ਵਿਸ਼ੇਸ਼ਣ ਲਗਾਏ ਜਾ ਸਕਦੇ ਹਨ। ਉਨ੍ਹਾਂ ਦੀ ਜੋ ਸਭ ਤੋਂ ਵਧੇਰੇ ਵਿਸ਼ੇਸ਼ਤਾ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਉਹ ਹੈ ਸਕਾਰਾਤਮਕ ਊਰਜਾ ਨਾਲ ਭਰਿਆ ਹੋਣਾ। ਅਕਸਰ ਮੈਂ ਹੈਰਾਨ ਹੋ ਜਾਂਦਾ ਕਿ ਇੱਕ ਵਿਅਕਤੀ ਐਨਾ ਸਕਾਰਾਤਮਕ ਕਿਵੇਂ ਹੋ ਸਕਦਾ ਹੈ। ਕਦੇ ਵੀ ਉਨ੍ਹਾਂ ਦੇ ਮੂੰਹੋਂ ਕਿਸੇ ਵਿਅਕਤੀ, ਕਿਸੇ ਰਾਜਨੀਤਿਕ, ਕਿਸੇ ਅਧਿਕਾਰੀ ਜਾਂ ਕਿਸੇ ਅਹੁਦੇਦਾਰ ਬਾਰੇ ਨਕਾਰਾਤਮਕ ਗੱਲ ਨਹੀਂ ਸੁਣੀ ਸੀ ਸਗੋਂ ਉਹ ਕਹਿੰਦੇ ਸਨ ਕਿ ਅਸੀਂ ਦੇਸ਼ ਜਾਂ ਸਮਾਜ ਲਈ ਕੀ ਚੰਗਾ ਕਰਨਾ ਹੈ। ਸਰਦਾਰ ਖੁਸ਼, ਚੜ੍ਹਦੀ ਕਲਾ, ਬੱਲੇ ਬੱਲੇ ਵਰਗੇ ਸ਼ਬਦ ਉਨ੍ਹਾਂ ਦੇ ਮੂੰਹ ‘ਤੇ ਹਮੇਸ਼ਾ ਰਹਿੰਦੇ ਸਨ, ਭਾਵੇਂ ਉਹ ਕਿਸੇ ਵੀ ਹਾਲਾਤ ਵਿੱਚ ਹੁੰਦੇ। ਪਿਛਲੇ ਸਮੇਂ ਖੁਦ ਬਿਮਾਰ ਰਹਿਣ ਤੋਂ ਬਾਅਦ ਜਦੋਂ ਦੇਖਣ ਵਾਲੇ ਨੂੰ ਲੱਗਦਾ ਸੀ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਜਾਪਦੇ ਪਰ ਉਨ੍ਹਾਂ ਦਾ ਜਵਾਬ ਹਮੇਸ਼ਾ ‘ਚੜ੍ਹਦੀ ਕਲਾ’ ਸੀ। ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਗੁਰਬਾਣੀ ਦਾ ਨਿਚੋੜ ਉਨ੍ਹਾਂ ਕੱਢ ਲਿਆ ਹੈ ਕਿ ਕਿਵੇਂ ਗੁਰਬਾਣੀ ਸਾਨੂੰ ਗੁਰੂ ਨਾਲ ਰਿਸ਼ਤਾ ਜੋੜਨ ਤੇ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀ ਹੈ। ਉਹ ਸਫਲ ਪ੍ਰੇਰਣਾਦਾਇਕ ਕੌਂਸਲਰ ਸਨ। ਅਕਸਰ ਉਨ੍ਹਾਂ ਕੋਲ ਹਰ ਉਮਰ ਵਰਗ ਦੇ ਲੋਕ ਆਪਣੀਆਂ ਸਮੱਸਿਆਵਾਂ ਤੇ ਉਲਝਣਾਂ ਦੇ ਹੱਲ ਲਈ ਆਉਂਦੇ ਸਨ, ਜਿੰਨਾਂ ਦੀ ਪ੍ਰੇਰਣਾ ਸਦਕਾ ਕਈ ਘਰ ਟੁੱਟਣ ਤੋਂ ਬਚੇ ਅਤੇ ਕਈ ਟੁੱਟੇ ਘਰ ਮੁੜ ਤੋਂ ਜੁੜੇ। ਉਹ ਕਹਿੰਦੇ ਸਨ ਕਿ ਕੋਈ ਨਾਲਾਇਕ ਨਹੀਂ ਹੁੰਦਾ ਤੇ ਜੇਕਰ ਕੋਈ ਮਾਪੇ ਇਹ ਕਹਿੰਦੇ ਹਨ ਕਿ ਉਨ੍ਹਾ ਦਾ ਬੱਚਾ ਕੰਮ ਦਾ ਨਹੀਂ ਤਾਂ ਮੈਨੂੰ ਮਿਲਾਓ, ਹੀਰਾ ਬਣਾ ਕੇ ਤੋਰਾਂਗਾ।
ਉਨ੍ਹਾਂ ਦੀ ਐੱਨ ਜੀ ਓ ‘ਸੰਭਵ’ ਇਸੇ ਗੱਲ ਦੀ ਤਰਜਮਾਨੀ ਕਰਦੀ ਹੈ ਕਿ ਕੁਝ ਵੀ ਅਸੰਭਵ ਨਹੀਂ। 2015 ਵਿੱਚ ਉਨ੍ਹਾਂ ਬੀੜਾ ਚੁੱਕਿਆ ਕਿ ਇੱਕ ਘੰਟੇ ‘ਚ ਲੁਧਿਆਣਾ ਵਿੱਚ 1 ਕਰੋੜ ਬੂਟੇ ਲਗਾਉਣੇ ਹਨ ਤਾਂ ਉਨ੍ਹਾਂ ਦੀ ਟੀਮ ਤੇ ਲੁਧਿਆਣਾ ਵਾਸੀਆਂ ਨੇ ਇਸ ਸੁਪਨੇ ਨੂੰ ਸੱਚ ਕਰਨ ਲਈ ਸਿਰ ਜੋੜ ਕੇ ਮਿਹਨਤ ਕੀਤੀ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਦ੍ਰਿੜ ਨਿਸ਼ਚੇ ਨਾਲ ਹਰ ਵੱਡੇ ਤੋਂ ਵੱਡੇ ਤੋਂ ਵੱਡੇ ਕੰਮ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੀ ਸਮਾਜ ਲਈ ਕੁਝ ਕਰ ਗੁਜ਼ਰਨ ਦੀ ਇੱਕ ਆਵਾਜ਼ ‘ਤੇ ਲੋਕ ਕਾਫ਼ਲੇ ਦੇ ਰੂਪ ‘ਚ ਆ ਖੜ੍ਹਦੇ ਸਨ। ਪਿਛਲੇ ਸਾਲਾਂ ਵਿੱਚ ਸ਼ਹਿਰ ਦੇ ਬੁੱਢਾ ਦਰਿਆ ਦੀ ਸਥਿਤੀ ਨੂੰ ਸੁਧਾਰਨ ਲਈ ਹਰ ਵਰਗ ਨੂੰ ਸੰਵੇਦਨਸ਼ੀਲ ਕਰਨ ਲਈ ਚੱਲੀ ਵਿਆਪਕ ਮੁਹਿੰਮ ਵਿੱਚ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ। V Mad ਨਾਂ ਦੀ ਸੰਸਥਾ ਬਣਾ ਕੇ ਉਨ੍ਹਾਂ ਸੈਂਕੜੇ ਨੌਜਵਾਨ ਔਰਤਾਂ ਅਤੇ ਬੱਚੀਆਂ ਨੂੰ ਸਵੈ ਰੁਜਗਾਰ ਅਤੇ ਕਈ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਲਈ ਸੁਸ਼ੱਕਤ ਕੀਤਾ। ਅਸੰਭਵ ਸ਼ਬਦ ਉਨ੍ਹਾਂ ਦੇ ਸ਼ਬਦਕੋਸ਼ ਵਿੱਚ ਹੀ ਨਹੀਂ ਸੀ। ਇਸ ਤੋਂ ਇਲਾਵਾ ਸੁਆਣੀਆਂ ਨੂੰ ਘਰੇਲੂ ਬਗ਼ੀਚੀਆਂ ਸ਼ੁਰੂ ਕਰਨ, ਘਰੇਲੂ ਕੂੜੇ ਕਰਕਟ ਦੇ ਨਿਪਟਾਰੇ ਆਦਿ ਲਈ ਸਮੇਂ ਸਮੇਂ 'ਤੇ ਜਾਗਰੂਕਤਾ ਮੁਹਿਮਾਂ ਦਾ ਆਗਾਜ਼ ਕੀਤਾ। ਕੁਦਰਤ ਨਾਲ ਉਨ੍ਹਾਂ ਦੀ ਨੇੜਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਉਨ੍ਹਾਂ ਨੇ ਆਪਣੀਆਂ ਫ਼ੈਕਟਰੀਆਂ ਵਿੱਚ ਆਧੁਨਿਕ ਪ੍ਰਣਾਲੀ ਨਾਲ ਜੰਗਲ ਲਗਾਏ ਤੇ ਉਨ੍ਹਾਂ ਦੀ ਦੇਖ-ਭਾਲ ਕੀਤੀ। ਉਹ ਕਹਿੰਦੇ ਸਨ ਕਿ ਬੂਟੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ। ਉਹ ਇਹਨਾਂ ਜੰਗਲ ਰੂਪੀ ਬੂਟਿਆਂ ਤੋਂ ਵੀ ਸਿੱਖਣ ਲਈ ਪ੍ਰੇਰਿਤ ਕਰਦੇ ਸਨ ਜੋ ਇਕੱਠੇ ਰੂਪ ਵਿੱਚ ਇਕੱਲੇ ਇਕੱਲੇ ਬੂਟੇ ਨਾਲ਼ੋਂ 10 ਗੁਣਾ ਵਧੇਰੇ ਵਿਕਾਸ ਕਰ ਰਹੇ ਹਨ ਕਿ ਵਿਅਕਤੀ ਪਰਿਵਾਰ ਵਿੱਚ ਵਧੇਰੇ ਵਿਕਾਸ ਕਰਦਾ ਹੈ।
ਕੋਵਿਡ-19 ਦੌਰਾਨ ਜਦੋਂ ਬਹੁਤੇ ਵਪਾਰੀ ਲੋੜੀਂਦੀਆਂ ਵਸਤਾਂ ਦੀ ਕਾਲਾਬਾਜਾਰੀ ਕਰਕੇ ਮੁਨਾਫ਼ਾ ਕਮਾਉਣ ਵਿੱਚ ਵਿਅਸਤ ਸਨ, ਉਦੋਂ ਸ੍ਰ. ਜਤਿੰਦਰ ਪਾਲ ਸਿੰਘ ਮਨਚੰਦਾ ਲੋੜਵੰਦਾਂ ਨੂੰ ਮੁਫ਼ਤ ਆਕਸੀਜਨ ਵੰਡ ਕੇ ਆਸੀਸਾਂ ਕਮਾ ਰਹੇ ਸਨ। ਉਨ੍ਹਾਂ ਵੱਲੋਂ ਇਸ ਦੌਰ ਵਿੱਚ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਨਾਲ ਆਕਸੀਜਨ ਦੀ ਵੱਧ ਤੋਂ ਵੱਧ ਸਪਲਾਈ ਯਕੀਨੀ ਬਣਾਈ। ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਪਲਾਂਟ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਇਸ ਉੱਦਮ ਸਦਕਾ ਸਨਮਾਨਿਤ ਕੀਤਾ ਗਿਆ।
ਛੋਟੇ-ਮੋਟੇ ਅੰਕਲ-
ਬੱਚੇ ਉਨ੍ਹਾਂ ਨੂੰ ‘ਛੋਟੇ-ਮੋਟੇ ਅੰਕਲ’ ਦੇ ਨਾਂਅ ਨਾਲ ਵੀ ਬੁਲਾਉਂਦੇ ਸਨ। ਉਹ ਬੱਚਿਆਂ ਵਿੱਚ ਬੱਚੇ ਤੇ ਵੱਡਿਆਂ ਵਿੱਚ ਵੱਡੇ ਹੁੰਦੇ ਸਨ। ਬੱਚਿਆਂ ਨਾਲ ਉਨ੍ਹਾਂ ਦਾ ਖਾਸ ਲਗਾਉ ਸੀ। ਬੱਚਿਆਂ ਨੂੰ ਜਿੱਥੇ ਉਹ ਕੁਦਰਤ ਨਾਲ ਜੋੜਨ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਸਨ, ਉੱਥੇ ਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਨ ਤੇ ਨਿਖਾਰਨ ਵਿੱਚ ਮੱਦਦ ਵੀ ਕਰਦੇ ਸਨ। ਨੌਜਵਾਨ ਮੁੰਡੇ ਕੁੜੀਆਂ, ਜਿਹੜੇ ਮਾਪਿਆ ਦੇ ਕਹਿਣ ‘ਤੇ ਸਵੇਰੇ 8:00 ਵਜੇ ਤੱਕ ਵੀ ਨਹੀਂ ਜਾਗਦੇ ਸਨ, ਉਹ ਛੋਟੇ ਮੋਟੇ ਅੰਕਲ ਦੀਆਂ ਪ੍ਰੇਰਣਾਤਮਕ ਕਲਾਸਾਂ ‘ਚ ਸ਼ਾਮਿਲ ਹੋਣ ਲਈ ਸਵੇਰੇ 5:00 ਵਜੇ ਪਹੁੰਚ ਜਾਂਦੇ ਸਨ। ਸ੍ਰ. ਮਨਚੰਦਾ ਨੇ ਆਪਣੇ ਪਰਿਵਾਰ ਨੂੰ ਇਕੱਮੁੱਠ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਹਮੇਸ਼ਾ ਸਾਂਝੇ ਪਰਿਵਾਰਾਂ ਨੂੰ ਉਤਸ਼ਾਹਿਤ ਕਰਨ ਦੇ ਹਾਮੀ ਰਹੇ ਹਨ ਅਤੇ ਉਨ੍ਹਾਂ ਦੇ ਭਰਾਵਾਂ ਸ੍ਰ. ਸਰਨਜੀਤ ਸਿੰਘ ਤੇ ਸ੍ਰ. ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਹਰ ਫੈਸਲੇ ਨੂੰ ਸਿਰ ਮੱਥੇ ਮੰਨਿਆ ਹੈ। ਉਨ੍ਹਾਂ ਕੋਲ ਆਪਣੀ ਜਾਣ ਪਛਾਣ ਦੇ ਸਾਰੇ ਬੰਦਿਆਂ ਦੇ ਗੁਣਾਂ ਤੇ ਯੋਗਤਾਵਾਂ ਦੀ ਸੂਚੀ ਹੁੰਦੀ ਸੀ ਕਿ ਕਿਸ ਵਿਅਕਤੀ ਕੋਲ ਕਿਹੜੀ ਪ੍ਰਤਿਭਾ ਹੈ। ਉਹ ਅਸੰਭਵ ਨੂੰ ਸੰਭਵ ਕਰਨ ਵਾਲੇ, ਹਰ ਤਰ੍ਹਾਂ ਦੇ ਹਾਲਾਤਾਂ ਵਿਚੋਂ ਸਕਾਰਾਤਮਕ ਸੰਭਾਵਨਾਵਾਂ ਪਛਾਣ ਲੈਣ ਵਾਲੇ, ਵੱਡੇ ਵੱਡੇ ਸੁਪਨੇ ਦੇਖਣ ਵਾਲੇ, ਮੱਦਦ ਲਈ ਹਰ ਵਕਤ ਤਿਆਰ, ਸ਼ਿਕਵੇ ਦੀ ਬਜਾਏ ਸ਼ੁਕਰਾਨਾ ਕਰਨ ਵਾਲੇ, ਹਮੇਸ਼ਾ ਚੰਗਿਆਂ ਦੀ ਸੰਗਤ ਲੱਭਣ ਵਾਲੇ, ਬੱਚਿਆਂ ਦੇ ਛੋਟੂ ਮੋਟੂ ਅੰਕਲ ਸਨ ਸ੍ਰ. ਜਤਿੰਦਰ ਪਾਲ ਸਿੰਘ ਮਨਚੰਦਾ।
ਅੱਜ ਸ੍ਰ. ਜਤਿੰਦਰ ਪਾਲ ਸਿੰਘ ਮਨਚੰਦਾ ਦੇ ਅੰਤਿਮ ਅਰਦਾਸ ਮੌਕੇ ਹਰ ਅੱਖ ਨਮ ਹੈ ਤੇ ਲੁਧਿਆਣਾ ਵਾਸੀਆਂ ਤੋਂ ਇੱਕ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਸਰੀਰਕ ਰੂਪ ਵਿੱਚ ਵਿੱਛੜ ਗਿਆ ਹੈ। ਉਹਨਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਬਦ ਕੀਰਤਨ ਮਿਤੀ 24 ਅਪ੍ਰੈਲ 2024 ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਦੁਪਹਿਰ 12.30 ਵਜੇ ਤੋਂ 2.00 ਵਜੇ ਤੱਕ ਹੋਵੇਗਾ।