ਡਾਇਟ ਪ੍ਰਿੰਸੀਪਲ ਖ਼ਿਲਾਫ਼ ਰੋੋਸ ਧਰਨਾ ਭਲਕੇ 25 ਅਪ੍ਰੈਲ ਨੂੰ
ਦੀਪਕ ਗਰਗ
ਫ਼ਰੀਦਕੋਟ, 24 ਅਪ੍ਰੈਲ 2024 :- ਪ੍ਰਿੰਸੀਪਲ ਡਾਇਟ ਫ਼ਰੀਦਕੋਟ ਕਿਰਨਦੀਪ ਕੌਰ ਦੇ ਅੜੀਅਲ ਵਤੀਰੇ ਨੂੰ ਲੈ ਕੇ ਸਮੁੱਚੇ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਪ੍ਰਬੰਧਕੀ ਆਧਾਰ ’ਤੇ ਕਿਰਨਦੀਪ ਕੌਰ ਦੀ ਬਦਲੀ ਬਰਗਾੜੀ ਵਿਖੇ ਕਰ ਦਿੱਤੀ ਗਈ ਸੀ। ਪਰ ਹੁਣ ਪ੍ਰਿੰਸੀਪਲ ਕਿਰਨਦੀਪ ਕੌਰ ਨੂੰ ਦੁਬਾਰਾ ਡਾਇਟ ਫ਼ਰੀਦਕੋਟ ਵਿਖੇ ਪਿ੍ਰੰਸੀਪਲ ਤਾਇਨਾਤ ਕਰ ਦਿੱਤਾ ਗਿਆ। ਜਿਸ ਦਾ ਅਧਿਆਪਕ ਜਥੇਬੰਦੀਆਂ ਸਖ਼ਤ ਵਿਰੋਧ ਕਰ ਰਹੀਆਂ ਹਨ। ਇਸ ਤਹਿਤ ਡੈਮੋਕ੍ਰੈਟਿਕ ਟੀਚਰਜ ਫ਼ਰੰਟ ਫ਼ਰੀਦਕੋਟ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਫ਼ਰੀਦਕੋਟ ਵਲੋਂ 25 ਅਪ੍ਰੈਲ 2024 ਨੂੰ ਦੁਪਹਿਰ ਬਾਅਦ ਦੁਪਹਿਰ 2:30 ਵਜੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਬਾਹਰ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਡੀ.ਟੀ.ਐਫ. ਦੇ ਪ੍ਰਧਾਨ ਸੁਖਵਿੰਦਰ ਸਿੰਘ, ਗਗਨ ਪਾਹਵਾ, ਹਰਜਸਦੀਪ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਕੁਲਦੀਪ ਸਿੰਘ, ਪ੍ਰਦੀਪ ਸਿੰਘ, ਗੁਰਸੇਵਕ ਸਿੰਘ, ਮਦਨ ਲਾਲ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ, ਮਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸੇਖੋਂ ਆਦਿ ਹਾਜ਼ਰ ਸਨ। ਇਸ ਰੋਸ ਧਰਨੇ ਦੌਰਾਨ ਦਾ ਡਾਇਟ ਸਟਾਫ਼ ਨੇ ਵੀ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਰੋਧੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।