Canada: BC 'ਚ ਸੀਰੀਅਲ ਕਿਲਰ ਦੀ ਦਹਿਸ਼ਤ, ਪੰਜਾਬੀ ਨੌਜਵਾਨ ਸਮੇਤ ਦੋ ਜਣਿਆਂ ਦਾ ਕਤਲ
ਕੈਨੇਡਾ: ਵ੍ਹਾਈਟ ਰੌਕ ਇਲਾਕੇ ’ਚ ਦੋ ਦਿਨਾਂ ’ਚ ਦੋ ਦੱਖਣੀ ਏਸ਼ੀਆਈ ਲੋਕਾਂ ਦਾ ਕਤਲ, ਦਹਿਸ਼ਤ ਦਾ ਮਾਹੌਲ
ਹਰਦਮ ਮਾਨ
ਵ੍ਹਾਈਟ ਰੋਕ (ਕੈਨੇਡਾ), 25 ਅਪ੍ਰੈਲ, 2024: ਪਿਛਲੇ ਤਿੰਨ ਦਿਨਾਂ ਵਿਚ ਵਾਈਟ ਰੌਕ, ਸਰੀ ਵਿਖੇ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੋਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਪੰਜਾਬੀ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 21 ਅਪ੍ਰੈਲ ਅਤੇ 23 ਅਪ੍ਰੈਲ ਨੂੰ ਹੋਈਆਂ ਦੋਵੇਂ ਵਾਰਦਾਤਾਂ ਦਾ ਸ਼ੱਕੀ ਹਮਲਾਵਰ ਇਕ ਲੰਬਾ ਕਾਲਾ ਆਦਮੀ ਦੱਸਿਆ ਜਾਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਘਟਨਾ 21 ਅਪ੍ਰੈਲ ਐਤਵਾਰ ਦੀ ਰਾਤ ਨੂੰ ਵਾਪਰੀ ਜਦੋਂ ਇਕ ਅਣਪਛਾਤੇ ਹਮਲਾਵਰ ਵੱਲੋਂ ਕੀਤੇ ਗਏ ਹਮਲੇ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ। 23 ਅਪ੍ਰੈਲ ਮੰਗਲਵਾਰ ਦੀ ਰਾਤ ਨੂੰ ਇਕ ਅਣਪਛਾਤੇ ਹਮਲਾਵਰ ਵੱਲੋਂ ਵਾਈਟਰੌਕ ਬੀਚ ਦੇ ਇਕ ਬੈਂਚ ਉਪਰ ਬੈਠੇ ਨੌਜਵਾਨ ਉਪਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾ ਇਤਨਾ ਘਾਤਕ ਸੀ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ।
21 ਅਪ੍ਰੈਲ ਐਤਵਾਰ ਦੀ ਵਾਪਰੀ ਘਟਨਾ ਵਿਚ ਜ਼ਖ਼ਮੀ ਹੋਣ ਵਾਲੇ ਨੌਜਵਾਨ ਦੀ ਪਛਾਣ 28 ਸਾਲ ਜਤਿੰਦਰ ਸਿੰਘ ਵਜੋਂ ਦੱਸੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਐਤਵਾਰ ਰਾਤ ਨੂੰ ਜਦੋਂ ਉਹ ਵਾਈਟ ਰੌਕ ਬੀਚ ਨੇੜੇ ਬੈਂਚ ‘ਤੇ ਬੈਠਾ ਹੋਇਆ ਸੀ ਤਾਂ ਉਸ ਉਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਦੋਸਤ ਬਿਕਰਮ ਸੰਧੂ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਸ ਦੇ ਜ਼ਖਮ ਬਹੁਤ ਗੰਭੀਰ ਹਨ, ਜਿਸ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਜਤਿੰਦਰ ਸਿੰਘ ਕੋਲ ਮੈਡੀਕਲ ਕਵਰੇਜ ਨਹੀਂ ਹੈ ਅਤੇ ਉਹ ਹਸਪਤਾਲ ਦੇ ਵੱਡੇ ਬਿੱਲ ਨੂੰ ਲੈ ਕੇ ਚਿੰਤਤ ਹੈ। ਸੋਸ਼ਲ ਮੀਡੀਆ ਉਪਰ ਜਤਿੰਦਰ ਸਿੰਘ ਦੀ ਸਹਾਇਤਾ ਲਈ ਗੋਫੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ।
23 ਅਪ੍ਰੈਲ ਨੂੰ ਹਮਲੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਪੁਲਿਸ ਵੱਲੋਂ ਤਾਂ ਅਜੇ ਜਾਰੀ ਨਹੀ ਕੀਤੀ ਪਰ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਮਾਰੇ ਗਏ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ। ਉਹ ਪਿੰਡ ਤੋਲੇਵਾਲ ਜ਼ਿਲਾ ਸੰਗਰੂਰ ਦੇ ਨਾਲ ਸਬੰਧਿਤ ਸੀ। ਪੁਲਿਸ ਅਨੁਸਾਰ 23 ਅਪ੍ਰੈਲ ਨੂੰ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੈਰੀਨ ਡਰਾਈਵ ਦੇ 15400-ਬਲਾਕ ਵਿੱਚ ਛੁਰੇਬਾਜ਼ੀ ਕਾਰਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਮੌਕੇ ‘ਤੇ ਪੁਲਿਸ ਦੀ ਟੀਮ ਪੁੱਜੀ ਪਰ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ ਜ਼ਖ਼ਮੀ ਦੀ ਜਾਨ ਨਹੀ ਬਚਾਈ ਜਾ ਸਕੀ। ਪੁਲਿਸ ਨੂੰ ਸ਼ੱਕੀ ਹਮਲਾਵਰ ਦੀ ਤਲਾਸ਼ ਹੈ ਜਿਸ ਬਾਰੇ ਦੱਸਿਆ ਗਿਆ ਹੈ ਕਿ ਉਹ 5 ਫੁੱਟ 11 ਇੰਚ ਲੰਬਾ ਕਾਲਾ ਵਿਅਕਤੀ ਹੈ, ਜਿਸ ਨੇ ਟੋਪੀ ਅਤੇ ਸਲੇਟੀ ਰੰਗ ਦੀ ਹੂਡੀ ਪਾਈ ਹੋਈ ਹੈ। ਉਸ ਨੂੰ ਆਖਰੀ ਵਾਰ ਮਰੀਨ ਡਰਾਈਵ ਦੇ ਉੱਤਰ ਵੱਲ ਭੱਜਦਾ ਦੇਖਿਆ ਗਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com