ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਬਾਰੇ ਪੰਜਾਬ ਭਵਨ ਸਰੀ ਕੈਨੇਡਾ ਅਤੇ ਯੂਰਪੀ ਪੰਜਾਬੀ ਲੇਖਕਾਂ ਦੀ ਹੋਈ ਸਾਂਝੀ ਮੀਟਿੰਗ
ਇਟਲੀ 24 ਅਪ੍ਰੈਲ 2024 - ਪਿਛਲੇ ਦਿਨੀਂ ਪੰਜਾਬ ਭਵਨ ਸਰੀ ਕਨੇਡਾ ਅਤੇ ਯੂਰਪੀ ਪੰਜਾਬੀ ਲੇਖਕਾਂ ਵਿਚਕਾਰ ਸਾਂਝੀ ਮੀਟਿੰਗ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਸਬੰਧ ਵਿੱਚ ਜ਼ੂਮ ਐਪ ਉੱਤੇ ਹੋਈ। ਮੀਟਿੰਗ ਦੀ ਸ਼ੁਰੂਆਤ ਇਟਲੀ ਵਸਦੇ ਪੰਜਾਬੀ ਲੇਖਕ ਦਲਜਿੰਦਰ ਰਹਿਲ ਵਲੋਂ ਅੱਜ ਦੀ ਇਕੱਤਰਤਾ ਦਾ ਮਕਸਦ ਅਤੇ ਪੰਜਾਬ ਭਵਨ ਸਰੀ ਕਨੇਡਾ ਵਲੋਂ ਕੀਤੇ ਜਾ ਰਹੇ ਵਿਸ਼ਵ ਪੱਧਰੀ ਕਾਰਜਾਂ ਦੀ ਸਰਾਹਨਾ ਕਰਦਿਆਂ ਕੀਤੀ ਗਈ। ਉਪਰੰਤ ਬਲਵਿੰਦਰ ਸਿੰਘ ਚਾਹਲ ਯੂ ਕੇ ਵਲੋਂ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੁਚੱਜੇ ਕਾਰਜ ਲਈ ਸੁੱਖੀ ਬਾਠ ਸਮੇਤ ਪੰਜਾਬ ਭਵਨ ਦੀ ਸਮੂਹ ਟੀਮ ਨੂੰ ਇਸ ਨਿਵੇਕਲੇ ਤੇ ਸਾਰਥਿਕ ਯਤਨ ਲਈ ਵਧਾਈ ਦਿੱਤੀ।
ਜ਼ਿਕਰਯੋਗ ਹੈ ਕੇ ਇਸ ਮੀਟਿੰਗ ਵਿੱਚ ਪੰਜਾਬ ਭਵਨ ਸਰੀ ਕਨੇਡਾ ਦੇ ਸਰਪ੍ਰਸਤ ਤੇ ਸੰਸਥਾਪਕ ਸੁੱਖੀ ਬਾਠ ਸਮੇਤ ਪੰਜਾਬ ਭਵਨ ਦੀ ਸੰਚਾਲਿਕਾ ਪ੍ਰੀਤ ਹੀਰ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਮੁੱਖ ਸੰਪਾਦਕ ਤੇ ਕਨਵੀਨਰ ਓਂਕਾਰ ਸਿੰਘ ਤੇਜੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੁੱਖੀ ਬਾਠ ਜੀ ਨੇ ਯੂਰਪੀ ਪੰਜਾਬੀ ਲੇਖਕਾਂ ਨਾਲ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੌ ਪੁਸਤਕਾਂ ਦੇ ਵੱਖ ਵੱਖ ਭਾਗਾਂ ਵਿੱਚ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਜਿਹਨਾਂ ਦੀ ਉਮਰ ਨੌਂ ਦਸ ਸਾਲ ਤੋਂ ਲੈ ਕੇ ਉੱਨੀ ਵੀਹ ਸਾਲ ਤੱਕ ਹੋ ਸਕਦੀ ਹੈ।
ਬੱਚੇ ਆਪਣੀ ਹਾਜ਼ਰੀ ਇਨਾਂ ਪੁਸਤਕਾਂ ਵਿੱਚ ਗੀਤ , ਕਵਿਤਾ , ਮਿੰਨੀ ਕਹਾਣੀ ਜਾਂ ਸੰਖੇਪ ਨਿਬੰਧ ਲਿਖਕੇ ਲਗਵਾ ਸਕਦੇ ਹਨ। ਇਹਨਾਂ ਕਿਤਾਬਾਂ ਨੂੰ ਪੰਜਾਬ ਭਵਨ ਸਰੀ ਕਨੇਡਾ ਵਲੋਂ ਛਪਵਾ ਕੇ ਵਿਸ਼ਵ ਭਰ ਵਿੱਚ ਸਾਂਝਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਜਿੱਥੇ ਪੰਜਾਬ ਭਵਨ ਜਲੰਧਰ ਦੀ ਸੰਚਾਲਕਾ ਪ੍ਰੀਤ ਹੀਰ ਨੇ ਪੰਜਾਬ ਭਵਨ ਵਲੋਂ ਕੀਤੇ ਜਾ ਰਹੇ ਮਾਂ ਬੋਲੀ ਬਾਰੇ ਸਾਂਝੇ ਕਾਰਜਾਂ ਦਾ ਜ਼ਿਕਰ ਕੀਤਾ ਓਥੇ ਓਂਕਾਰ ਸਿੰਘ ਤੇਜੇ ਦੁਆਰਾ ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਤੇ ਪੰਜਾਬ ਭਰ ਵਿੱਚੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਕੰਮਾਂ ਦਾ ਵੇਰਵਾ ਵੀ ਸਾਂਝਾ ਕੀਤਾ।
ਯੂਰਪੀ ਪੰਜਾਬੀ ਲੇਖਕਾਂ ਵਿੱਚ ਪ੍ਰੋ ਜਸਪਾਲ ਸਿੰਘ ਇਟਲੀ, ਲੇਖਕ ਬਿੰਦਰ ਕੋਲੀਆਂਵਾਲ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ, ਗੁਰਪ੍ਰੀਤ ਕੌਰ ਗੈਦੁ ਗ੍ਰੀਸ , ਗੀਤਕਾਰ ਰਾਣਾ ਅਠੌਲਾ ਇਟਲੀ , ਮੇਜਰ ਸਿੰਘ ਖੱਖ ਅਤੇ ਦਲਜਿੰਦਰ ਰਹਿਲ ਇਟਲੀ ਵੱਲੋਂ ਪੰਜਾਬ ਭਵਨ ਦੀ ਟੀਮ ਨਾਲ ਨਵੀਆਂ ਕਲਮਾਂ ਨਵੀਂ ਉਡਾਣ ਬਾਰੇ ਬਹੁਤ ਸਾਰੇ ਸਵਾਲਾਂ ਤੇ ਵਿਚਾਰ ਸਾਂਝੇ ਕਰਦਿਆਂ ਭਰੋਸਾ ਦਿਵਾਇਆ ਕੇ ਅਗਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਪੰਜਾਬ ਭਵਨ ਸਰੀ ਕਨੇਡਾ ਦੇ ਇਨਾ ਯਤਨਾਂ ਲਈ ਯੂਰਪੀ ਮੁਲਕਾਂ ਵਿੱਚੋਂ ਸਹਿਯੋਗ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ।