ਕੋਈ ਵੀ ਬੱਚਾ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ : ਡਾ. ਗੀਤਾਂਜਲੀ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਿਹਰ, 27 ਅਪ੍ਰੈਲ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਨਿਯਮਤ ਟੀਕਾਕਰਨ ਪ੍ਰੋਗਰਾਮ (ਈ.ਪੀ.ਆਈ.) ਦੀ 50ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਵਿਸ਼ਵ ਟੀਕਾਕਰਨ ਸਪਤਾਹ ਮਨਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਹਿਆਲਾ ਦੇ ਸਲੱਮ ਏਰੀਏ ਵਿੱਚ ਟੀਕਾਕਰਨ ਕੈਂਪ ਵਿੱਚ ਪਹੁੰਚ ਕੇ ਟੀਕੇ ਲਗਾਉਣ ਦੇ ਕੰਮਕਾਜ ਦਾ ਨਿਰੀਖਣ ਕੀਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਟੀਕਾਕਰਨ ਸਟਾਫ ਨੂੰ ਹਰ ਲਾਭਪਾਤਰੀ ਦੇ ਸੰਪੂਰਨ ਟੀਕਾਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਮਰ ਦੇ ਹਿਸਾਬ ਨਾਲ ਜਿਨ੍ਹਾਂ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਅਧੂਰਾ ਹੈ, ਉਨ੍ਹਾਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਲਾਭਪਾਤਰੀ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ।
ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਲ 1974 ਵਿਚ ਈ.ਪੀ.ਆਈ. ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਸਾਲ 2024 ਵਿਚ ਈ.ਪੀ.ਆਈ. ਦੀ 50ਵੀਂ ਵਰ੍ਹੇਗੰਢ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ, ਟੀਕਾਕਰਨ ਨਾਲ ਬਚਾਈਆਂ ਗਈਆਂ ਜਾਨਾਂ 'ਤੇ ਇਸਦੇ ਪ੍ਰਭਾਵ ਨੂੰ ਉਜਾਗਰ ਕਰਨ ਅਤੇ ਨਿਯਮਤ ਟੀਕਾਕਰਨ ਪਹਿਲ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕਰ ਰਹੀ ਹੈ।