ਦਰਖਤ ਵੱਢਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਡੇਢ ਸਾਲ ਤੋਂ ਬੇਕਾਰ ਪਿਆ ਪਾਵਰ ਕੌਮ ਦਾ 66 ਕੇ ਵੀ ਸਬ ਸਟੇਸ਼ਨ
- ਮੇਨ ਲਾਈਨ ਮੁਕੰਮਲ ਕਰਨ ਲਈ ਵੱਡਣੇ ਪੈਣਗੇ 30 ਤੋਂ ਵੱਧ ਦਰਖਤ
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2024 - ਇੱਥੋਂ ਨਜ਼ਦੀਕੀ ਪਿੰਡ ਕੋਟ ਧੰਦਲ ਵਿਖੇ ਪੀ. ਐਸ. ਪੀ. ਸੀ. ਐਲ. ਦਾ ਨਵਾਂ ਸਬ ਸਟੇਸ਼ਨ ਤਿਆਰ ਹੋਏ ਡੇਢ ਸਾਲ ਤੋਂ ਵੱਧ ਦਾ ਅਰਸਾ ਗੁਜਰ ਚੁੱਕਾ ਹੈ ਪਰ ਅਜੇ ਤੱਕ ਇਸਨੂੰ ਚਾਲੂ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ। ਇਲਾਕੇ ਵਿੱਚ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਲੋਕਾਂ ਦੀ ਮੰਗ ਉੱਤੇ ਪਿੰਡ ਕੋਟ ਧੰਦਲ ਵਿਖੇ ਕਰੀਬ 5 ਸਾਲ ਪਹਿਲਾਂ ਇੱਕ ਨਵੇਂ ਸਬ ਸਟੇਸ਼ਨ ਦੀ ਮਨਜੂਰੀ ਦੇ ਕੇ ਉਸਾਰੀ ਸ਼ੁਰੂ ਕੀਤੀ ਗਈ ਸੀ।
ਜਿਸ ਦੀ ਉਸਾਰੀ ਪਿਛਲੇ ਕਾਫ਼ੀ ਸਮੇਂ ਤੋਂ ਮੁਕੰਮਲ ਹੋ ਚੁੱਕੀ ਹੈ। ਤਿੰਨ ਸਾਲ ਪਹਿਲਾਂ ਇਸ ਸਬ ਸਟੇਸ਼ਨ ਦਾ ਨੀਹ ਪੱਥਰ 2 ਅਗਸਤ 2021 ਨੂੰ ਹਲਕੇ ਦੇ ਤਤਕਾਲੀ ਐਮਐਲਏ ਫਤਿਹ ਜੰਗ ਸਿੰਘ ਬਾਜਵਾ ਵੱਲੋਂ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਰੱਖਿਆ ਗਿਆ ਸੀ, ਉਸ ਤੋਂ ਬਾਅਦ ਗਰਿਡ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਪਰ ਬਿਜਲੀ ਸਪਲਾਈ ਵਾਲੀ ਲਾਈਨ ਦਾ ਕੰਮ ਮੁਕੰਮਲ ਨਹੀਂ ਹੋ ਪਾਇਆ। ਲਗਭਗ 10 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਡੇਢ ਸਾਲ ਤੋਂ ਬੇਕਾਰ ਪਿਆ ਹੈ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਲਾਈਨਿੰਗ ਦਾ ਕੰਮ ਮੁਕੰਮਲ ਕਰਨ ਲਈ ਜੰਗਲਾਤ ਵਿਭਾਗ ਦੇ ਕੁਝ ਦਰਖਤ ਵੱਡਣੇ ਪੈਣਗੇ ਜਿਸ ਦੀ ਮਨਜ਼ੂਰੀ ਪਾਵਰਕੌਮ ਨੂੰ ਹਜੇ ਤੱਕ ਨਹੀਂ ਮਿਲੀ ਹੈ। ਜਿਸ ਕਾਰਨ ਸਰਕਾਰ ਵੱਲੋਂ ਇਲਾਕੇ ਵਿੱਚ ਬਿਜਲੀ ਸਪਲਾਈ ਨੂੰ ਠੀਕ ਕਰਨ ਦਾ ਕੀਤਾ ਗਿਆ ਵਾਅਦਾ ਵਫ਼ਾ ਨਹੀਂ ਹੋ ਰਿਹਾ।
ਇਸ ਸਬੰਧੀ ਜਦੋਂ ਪਾਵਰਕੌਮ ਦੇ ਐਸ. ਈ. ਜਸਵਿੰਦਰ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਬ ਸਟੇਸ਼ਨ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਪਰ ਇਸ ਨੂੰ ਬਿਜਲੀ ਸਪਲਾਈ ਦੇਣ ਵਾਲੀ ਲਾਈਨ ਮੁਕੰਮਲ ਨਾ ਹੋਣ ਕਾਰਨ ਇਹ ਕੰਮ ਵਿਚਾਲੇ ਰੁਕਿਆ ਹੋਇਆ ਹੈ, ਜਦੋਂ ਕਿ ਬਿਜਲੀ ਲਾਈਨ ਨੂੰ ਮੁਕੰਮਲ ਕਰਨ ਦਾ ਕੰਮ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਹੈ।
ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਐਕਸੀਅਨ ਚੇਤਨ ਕੁਮਾਰ ਜਲੰਧਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਿਜਲੀ ਲਾਈਨ ਦਾ ਕੰਮ ਮੁਕੰਮਲ ਕਰਨ ਲਈ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ। ਜੰਗਲਾਤ ਵਿਭਾਗ ਦੇ ਕੁਝ ਦਰਖਤ ਜੋ ਮੇਨ ਸਪਲਾਈ ਲਾਈਨ ਵਿੱਚ ਅੜਚਨ ਪੈਦਾ ਕਰ ਸਕਦੇ ਹਨ , ਇਹਨਾਂ ਦਰਖਤਾਂ ਨੂੰ ਵੱਢਣ ਦੀ ਮਨਜ਼ੂਰੀ ਲਈ ਲਿਖਤੀ ਦਰਖਾਸਤ ਜੰਗਲਾਤ ਵਿਭਾਗ ਨੂੰ ਦਿੱਤੀ ਹੋਈ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ, ਜਿਸ ਕਾਰਨ ਇਹ ਕੰਮ ਵਿਚਾਲੇ ਲਟਕਿਆ ਹੋਇਆ ਹੈ।
ਜਦੋਂ ਇਸ ਬਾਰੇ ਜੰਗਲਾਤ ਅਫ਼ਸਰ ਅਟੱਲ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚਾਟ ਕੇ ਵੀ ਸਬ ਸਟੇਸ਼ਨ ਕੋਟ ਧੰਦਲ ਦੀ ਮੇਨ ਲਾਈਨ ਸਠਿਆਲੀ ਤੱਕ ਜਾਏਗੀ ਜਿਸ ਵਿੱਚ ਜੰਗਲਾਤ ਵਿਭਾਗ ਦੇ 30 ਤੋਂ ਵੱਧ ਦਰਖਤ ਆ ਰਹੇ ਹਨ। ਪਾਵਰ ਕਾਮ ਵੱਲੋਂ ਇਹਨਾਂ ਨੂੰ ਵੱਢਣ ਦੀ ਮਨਜ਼ੂਰੀ ਲਈ ਦਰਖਾਸਤ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਸੀ ਜੋ ਕੇਂਦਰ ਸਰਕਾਰ ਦੇ ਅਦਾਰੇ ਜੰਗਲਾਤ ਮੰਤਰਾਲੇ ਦੇ ਚੰਡੀਗੜ੍ਹ ਦਫਤਰ ਵਿਖੇ ਭੇਜ ਦਿੱਤੀ ਗਈ ਹੈ ਅਤੇ ਮਨਜ਼ੂਰੀ ਮਿਲਦਿਆਂ ਹੀ ਪਾਵਰ ਕੌਮ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।