ਬਿਮਾਰੀਆਂ ਤੋਂ ਬਚਾਅ ਲਈ ਗਰਭਵਤੀਆਂ ਤੇ ਬੱਚਿਆ ਦਾ ਟੀਕਾਕਰਨ ਅਤੀ ਜਰੂਰੀ :- ਡਾ ਦਵਿੰਦਰਜੀਤ ਕੌਰ
ਸਿਵਲ ਸਰਜਨ ਨੇ ਮਮਤਾ ਦਿਵਸ ਦੀ ਕੀਤੀ ਚੈਕਿੰਗ।
ਫ਼ਤਿਹਗੜ੍ਹ ਸਾਹਿਬ, 9 ਮਈ 2024- ਜਿਲਾ ਸਿਹਤ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੇ ਉੱਚ ਸਿਹਤ ਕੇਂਦਰਾਂ ਵਿੱਚ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਦਕਿ ਹਰ ਬੁੱਧਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਗਰਭਵਤੀ ਔਰਤਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਹੈਲਥ ਐਂਡ ਵੈਲਨੇਸ ਸੈਂਟਰ ਬਲਾੜੀ ਕਲਾਂ ਵਿੱਚ ਮਮਤਾ ਦਿਵਸ ਦੀ ਚੈਕਿੰਗ ਕਰਨ ਮੌਕੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦਸਿਆ ਕਿ ਟੀਕਾਕਰਨ ਗਰਭਵਤੀਆ ਅਤੇ ਬੱਚਿਆਂ ਲਈ ਬਹੁਤ ਮਹਤਵਪੂਰਣ ਹੈ, ਗਰਭਵਤੀਆਂ ਨੂੰ ਟੀ. ਡੀ. ਦੇ ਦੋ ਟੀਕੇ ਜਰੂਰ ਲਗਵਾਉਣੇ ਚਾਹੀਦੇ ਹਨ ਅਤੇ ਆਪਣੇ ਬੱਚੇ ਨੂੰ ਪੰਜ ਸਾਲ ਵਿੱਚ ਗਿਆਰਾ ਵਾਰ ਸਿਹਤ ਸੰਸਥਾ ਤੇ ਲਿਆ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆ ਨੂੰ ਨਾਮੁਰਾਦ ਬਿਮਾਰੀਆਂ ਤੋਂ ਬਚਾਇਆ ਜਾ ਸਕੇ । ਇਸ ਮਮਤਾ ਦਿਵਸ ਦੀ ਚੈਕਿੰਗ ਦੌਰਾਨ ਉਹਨਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਿਹਤ ਸੰਸਥਾਵਾਂ ਤੋਂ ਹੀ ਟੀਕਾਕਰਨ ਦੀ ਸਹੂਲਤ ਲੈਣ ਲਈ ਪ੍ਰੇਰਿਤ ਕੀਤਾ ਜਾਵੇ, ਕਿਉਕਿ ਸਿਹਤ ਸੰਸਥਾਵਾਂ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ ਸਹੀ ਹੁੰਦੀ ਹੈ ਅਤੇ ਇਸ ਵੈਕਸੀਨ ਦੇ ਰੱਖ ਰਖਾਅ ਲਈ ਵਿਸ਼ੇਸ਼ ਤਾਪਮਾਨ ਦੀ ਜਰੂਰਤ ਹੁੰਦੀ ਹੈ ਜਿਸ ਦਾ ਸਿਹਤ ਵਿਭਾਗ ਵੱਲੋਂ ਸਾਰੀਆ ਸਿਹਤ ਸੰਸਥਾਵਾਂ ਅੰਦਰ ਪੁਖਤਾ ਪ੍ਰਬੰਧ ਕੀਤਾ ਜਾਂਦਾ ਹੈ ਤਾਂਕਿ ਵੈਕਸੀਨ ਨਿਰਮਾਤਾ ਤੋਂ ਲੈ ਕੇ ਲਾਭਪਾਤਰੀ ਤੱਕ ਇਸ ਦਾ ਤਾਪਮਾਨ ਮੇਨਟੇਨ ਕੀਤਾ ਜਾ ਸਕੇ।