ਮੋਰ ਦੇ ਪਿੱਛੇ ਦੌੜਦੇ ਦੋ ਪਾਕਿਸਤਾਨੀ ਨੌਜਵਾਨ ਦਾਖਲ ਹੋ ਗਏ ਭਾਰਤੀ ਸਰਹੱਦ ਵਿੱਚ, ਬਿਨਾਂ ਕਾਰਵਾਈ ਕੀਤੇ ਬੀਐਸਐਫ ਨੇ ਵਾਪਸ ਭੇਜੇ
- ਛੋਟੀ ਉਮਰ ਦੇ ਦੋਨੋਂ ਨੌਜਵਾਨ ਬਿਨਾਂ ਕਾਰਵਾਈ ਕੀਤੇ ਬੀਐਸਐਫ ਨੇ ਵਾਪਸ ਭੇਜੇ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ 2024 - ਪਾਕਿਸਤਾਨ ਬੇਸ਼ੱਕ ਰੋਜ਼ਾਨਾ ਆਪਣੀਆਂ ਭਾਰਤ ਵਿਰੋਧੀ ਨਾਪਾਕ ਹਰਕਤਾਂ ਕਰਦਾ ਰਹਿੰਦਾ ਹੋਵੇ ਅਤੇ ਪਾਕਿਸਤਾਨ ਵਿੱਚ ਬੈਠਿਆਂ ਭਾਰਤ ਵਿਰੋਧੀ ਤਾਕਤਾਂ ਬੇਸ਼ੱਕ ਭਾਰਤੀ ਨੌਜਵਾਨਾਂ ਨੂੰ ਤਬਾਹ ਕਰਨ ਲਈ ਹਰ ਰੋਜ਼ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਦੀਆਂ ਰਹਿੰਦੀਆਂ ਹੋਣ ਪਰ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਬਾਵਜੂਦ ਪਾਕਿਸਤਾਨੀ ਪ੍ਰਤੀ ਨਰਮ ਰੁੱਖ ਤਿਆਰ ਕਰਦੇ ਹਨ। ਇਹ ਭਾਰਤ ਦੀ ਮਿੱਟੀ ਅਤੇ ਭਾਰਤ ਵਾਸੀਆਂ ਨੂੰ ਵਿਰਾਸਤ ਵਿੱਚ ਮਿਲੇ ਸੰਸਕਾਰਾਂ ਦਾ ਅਸਰ ਹੈ ਭਾਰਤੀ ਸੈਨਾ ਦੇ ਜਵਾਨ ਆਮ ਪਾਕਿਸਤਾਨੀ ਨਾਗਰਿਕ ਪ੍ਰਤੀ ਹਮਦਰਦੀ ਰੱਖਦੇ ਹਨ। ਜਿਸ ਦੀ ਤਾਜ਼ਾ ਮਿਸਾਲ ਬੀ.ਐਸ.ਐਫ ਦੇ ਜਵਾਨਾਂ ਨੇ ਪੇਸ਼ ਕੀਤੀ ਹੈ। ਦਰਅਸਲ, ਬੀਐਸਐਫ ਦੇ ਜਵਾਨਾਂ ਨੇ ਗਲਤੀ ਨਾਲ ਭਾਰਤ-ਪਾਕਿ ਆਈਬੀ ਲਾਈਨ ਪਾਰ ਕਰਕੇ ਭਾਰਤੀ ਖੇਤਰ ਵਿੱਚ ਪਹੁੰਚਣ ਵਾਲੇ ਦੋ ਪਾਕਿਸਤਾਨੀ ਨੌਜਵਾਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੈਕਟਰ ਗੁਰਦਾਸਪੁਰ ਅਧੀਨ ਬੀ.ਐਸ.ਐਫ ਦੀ 113 ਬਟਾਲੀਅਨ ਦੇ ਬੀਓਪੀ ਬਸੰਤਰ ਵਿਖੇ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਕਾਬੂ ਕਰ ਲਿਆ। ਇਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨਾਂ ਨੇ ਉਕਤ ਨੌਜਵਾਨਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ, ਜਿਸ 'ਚ ਪਾਕਿਸਤਾਨੀ ਨੌਜਵਾਨਾਂ ਨੇ ਦੱਸਿਆ ਕਿ ਉਹ ਇੱਕ ਖੂਬਸੂਰਤ ਮੋਰ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਹ ਭਾਰਤੀ ਖੇਤਰ 'ਚ ਦਾਖਲ ਹੋ ਗਏ ਹਨ।
ਬੀਐਸਐਫ ਨੇ ਗ੍ਰਿਫਤਾਰ ਕੀਤੇ ਦੋਹਾਂ ਨੌਜਵਾਨਾਂ ਪਾਸੋਂ ਕੁਝ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ । ਫੜੇ ਗਏ ਨੌਜਵਾਨਾਂ ਨੇ ਆਪਣੀ ਪਛਾਣ ਮੁਹੰਮਦ ਉਮੈਰ ਯਾਸੀਨ (16) ਪੁੱਤਰ ਯਾਸੀਨ ਮਹੇਰ ਕਲੌਨੀ ਪਿੰਡ ਜੱਸੜ ਜ਼ਿਲ੍ਹਾ ਨਾਰੋਵਾਲ ਅਤੇ ਮੁਹੰਮਦ ਆਦਿਲ ਸ਼ਾਹਿਦ (18) ਪੁੱਤਰ ਸ਼ਾਹਿਦ ਹੁਸੈਨ ਪਿੰਡ ਗੁਮੋਰਲ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਦੱਸੀ । ਉਕਤ ਨੌਜਵਾਨਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਬੀ.ਐਸ.ਐਫ ਦੇ ਜਵਾਨਾਂ ਨੂੰ ਜਦੋਂ ਲੱਗਿਆ ਕਿ ਉਹ ਬੇਕਸੂਰ ਹਨ ਅਤੇ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆ ਗਏ ਹਨ ਤਾਂ ਉਨ੍ਹਾਂ ਵਲੋਂ ਇੱਕ ਵਾਰ ਫਿਰ ਉਨ੍ਹਾਂ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰਕੇ ਪਾਕਿਸਤਾਨ ਨਾਲ ਦੋਸਤੀ ਕਾਇਮ ਰੱਖਣ ਦੀ ਮਿਸਾਲ ਕਾਇਮ ਕੀਤੀ ਹੈ। ਪਾਕਿਸਤਾਨੀ ਨੌਜਵਾਨਾਂ ਨੇ ਬੀ.ਐਸ.ਐਫ ਦੇ ਚੰਗੇ ਵਤੀਰੇ ਦੀ ਪ੍ਰਸ਼ੰਸਾ ਕੀਤੀ ਅਤੇ ਬਿਨਾਂ ਕਾਨੂੰਨੀ ਕਾਰਵਾਈ ਦੇ ਪਾਕਿਸਤਾਨ ਵਾਪਸ ਭੇਜਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।