ਭੋਗ ’ਤੇ ਵਿਸ਼ੇਸ਼
ਅਮਰਜੀਤ ਸਿੰਘ ਸਿੱਧੂ ਨਮਿੱਤ ਅੰਤਿਮ ਅਰਦਾਸ ਮੌਕੇ
ਧਰਤੀ ਨਾਲ ਜੁੜੇ ਹੋਏ ਕੁਸ਼ਲ ਪ੍ਰਸ਼ਾਸਨਿਕ ਅਧਿਕਾਰੀ ਤੇ ਨਿਮਰ ਇਨਸਾਨ ਵਜੋਂ ਜਾਣੇ ਜਾਂਦੇ ਰਹਿਣਗੇ ‘ਖਾਨਾ ਸਾਹਿਬ’
ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ, ਮਿਲਕਫੈਡ ਦੇ ਸਾਬਕਾ ਚੇਅਰਮੈਨ, NFL ਦੇ ਸਾਬਕਾ ਡਾਇਰਕਟਰ, ਪੀ.ਪੀ.ਐਸ.ਸੀ. ਦੇ ਸਾਬਕਾ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਟਰੱਸਟੀ, ਅਮਰਜੀਤ ਸਿੰਘ ਸਿੱਧੂ ਬੀਤੇ ਦਿਨੀਂ 11 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ। ਬਠਿੰਡਾ ਜ਼ਿਲ੍ਹੇ ਦੇ ਖ਼ਾਨਾ ਧਨ ਸਿੰਘ ਪਿੰਡ ਦੇ ਜੰਮਪਲ ਅਮਰਜੀਤ ਸਿੰਘ ਸਿੱਧੂ, ਉੱਚ ਅਹੁਦਿਆਂ ਉਤੇ ਸੇਵਾ ਨਿਭਾਉਣ ਦੇ ਬਾਵਜੂਦ ਆਪਣੀ ਨਿਮਰਤਾ, ਹਲੀਮੀ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਪ੍ਰਭਾਵਸ਼ਾਲੀ ਸਖਸ਼ੀਅਤ ਦੇ ਮਾਲਕ ਤੇ ਮਿਠਬੋਲੜੇ ਸਿੱਧੂ, ਦਿਲੋਂ ਕਿਸਾਨ ਸਨ ਤੇ ਪਿੰਡ ਅਤੇ ਖੇਤਾਂ ਨਾਲ ਉਹਨਾਂ ਦਾ ਵਿਸ਼ੇਸ਼ ਲਗਾਅ ਸੀ।
ਅਮਰਜੀਤ ਸਿੰਘ ਸਿੱਧੂ ਨੇ ਆਬਕਾਰੀ ਅਤੇ ਕਰ ਵਿਭਾਗ ਵਿੱਚ ਲੰਬਾ ਸਮਾਂ ਸਰਵਿਸ ਨਿਭਾਈ ਜਿੱਥੋਂ ਉਹ ਆਈ.ਏ.ਐਸ. ਅਫ਼ਸਰ ਬਣੇ। ਬਤੌਰ ਆਈ.ਏ.ਐਸ. ਅਧਿਕਾਰੀ ਵਜੋਂ ਉਨ੍ਹਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਵਜੋਂ ਸੇਵਾ ਨਿਭਾਈ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਮੁਕਤ ਹੋਏ।
ਆਪਣੇ ਸਹੁਰੇ ਪਰਿਵਾਰ ਵਾਲੇ ਪਾਸਿਓ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਰਿਸ਼ਤੇਦਾਰੀ ਤੋਂ ਇਲਾਵਾ ਉਹ ਉਮਰ ਭਰ ਵੱਡੇ ਬਾਦਲ ਦੇ ਨਜ਼ਦੀਕੀ ਸਾਥੀ ਤੇ ਵਿਸ਼ਵਾਸਪਾਤਰ ਰਹੇ। ਰਾਜਨੀਤੀ ਖੇਤਰ ਵਿੱਚ ਕਦਮ ਰੱਖਦੇ ਹੋਏ ਉਨ੍ਹਾਂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ। ਸਮੁੱਚਾ ਇਲਾਕਾ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਕਮਿਸ਼ਨਰ ਸਾਹਿਬ ਜਾਂ ‘ਖਾਨਾ ਸਾਹਿਬ’ ਕਹਿ ਕੇ ਬੁਲਾਉਂਦਾ ਸੀ। ਤਲਵੰਡੀ ਸਾਬੋ ਤੋਂ ਸੈਂਕੜੇ ਲੋਕ ਜੋ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਜ਼ਾਹਰ ਕਰਨ ਆ ਰਹੇ ਹਨ, ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨ੍ਹਾਂ ਦਾ ਤਲਵੰਡੀ ਸਾਬੋ ਦੇ ਲੋਕਾਂ ਨਾਲ ਕਿੰਨਾ ਲਗਾਅ ਸੀ। ਅਮਰਜੀਤ ਸਿੰਘ ਸਿੱਧੂ ਦੇ ਤੁਰ ਜਾਣ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ, ਕਿਉਂਕਿ ਉਹ ਸਿਰਫ਼ ਇੱਕ ਨਾਮੀਂ ਸਖਸ਼ੀਅਤ ਹੀ ਨਹੀਂ ਸਨ ਸਗੋਂ ਲੋਕਾਂ ਨਾਲ ਜੁੜੇ ਹੋਏ ਇਕ ਪ੍ਰੇਰਨਦਾਇਕ ਇਨਸਾਨ ਸਨ ।
ਸਿੱਧੂ ਇੱਕ ਉੱਘੇ ਪ੍ਰਸ਼ਾਸਕ ਅਤੇ ਸਨਮਾਨਤ ਹਸਤੀ ਦੇ ਨਾਲ-ਨਾਲ ਆਪਣੀ ਕਾਰਜ ਕੁਸ਼ਲਤਾ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਉੱਚੇ ਸਿਧਾਂਤਾਂ ਦੇ ਧਾਰਨੀ ਸਿੱਧੂ ਦੀ ਸਮਾਜ ਦੀ ਬਿਹਤਰੀ ਲਈ ਸਮਰਪਣ ਭਾਵਨਾ ਅਤੇ ਅਟੁੱਟ ਵਚਨਬੱਧਤਾ ਉਨ੍ਹਾਂ ਨੂੰ ਸਾਰਿਆਂ ਦਾ ਚਹੇਤਾ ਬਣਾਉਂਦੀ ਹੈ। ਉਨ੍ਹਾਂ ਸਿਆਣਪ, ਹਲੀਮੀ, ਨਿਮਰਤਾ ਜਿਹੇ ਮੀਰੀ ਗੁਣਾਂ ਅਤੇ ਆਪਣੀਆਂ ਬਿਹਤਰ ਸੇਵਾਵਾਂ ਨਾਲ ਸਮਾਜ ਵਿੱਚ ਚੰਗੀ ਛਾਪ ਛੱਡੀ ਹੈ। ਹਰ ਕੋਈ ਉਨ੍ਹਾਂ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ।
ਕਮਿਸ਼ਨਰ ਸਾਹਿਬ/ਖਾਨਾ ਸਾਹਿਬ ਆਪਣੇ ਚਾਹੁਣ ਵਾਲੇ ਅਤੇ ਸਾਕ-ਸਨੇਹੀਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਕਿਉਂਜੁਕਿ ਉਨ੍ਹਾਂ ਦੀ ਸ਼ਖਸੀਅਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ।
ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅੱਜ (19 ਮਈ) ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ, ਪਟਿਆਲਾ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।