ਚੰਡੀਗੜ੍ਹ-ਪੰਜਾਬ ਸਣੇ IMD ਦਾ ਉੱਤਰੀ ਭਾਰਤ ਵਿੱਚ ਹੀਟਵੇਵ ਲਈ ਰੈੱਡ ਅਲਰਟ
ਨਵੀਂ ਦਿੱਲੀ, 19 ਮਈ 2024 : ਆਈਐਮਡੀ ਨੇ ਕਿਹਾ ਕਿ ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਅਗਲੇ ਚਾਰ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਭਾਰਤ ਦੇ ਮੌਸਮ ਵਿਭਾਗ (IMD) ਨੇ ਐਤਵਾਰ, 19 ਮਈ ਨੂੰ 'ਰੈੱਡ ਅਲਰਟ' ਚੇਤਾਵਨੀ ਜਾਰੀ ਕਰਨ ਦੇ ਨਾਲ ਹੀ ਕਿਹਾ ਹੈ ਕਿ ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹੋਰ ਹਿੱਸਿਆਂ ਨੂੰ ਗੰਭੀਰ ਗਰਮੀ ਦੀ ਲਹਿਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਦੇ ਇੱਕ ਬੁਲੇਟਿਨ ਅਨੁਸਾਰ, ਇੱਕ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ। ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਅਤੇ ਪੱਛਮੀ ਰਾਜਸਥਾਨ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ 'ਚ 'ਓਰੇਂਜ' ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਤੋਂ 6.4 ਡਿਗਰੀ ਸੈਲਸੀਅਸ ਵੱਧ ਜਾਣ ਤੋਂ ਇਕ ਦਿਨ ਬਾਅਦ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਹੀਟਵੇਵ ਦੀ ਚਿਤਾਵਨੀ ਦਿੱਤੀ ਹੈ। ਆਈਐਮਡੀ ਨੇ ਸ਼ਨੀਵਾਰ ਨੂੰ ਆਪਣੇ ਬੁਲੇਟਿਨ ਵਿੱਚ ਕਿਹਾ, ਅਗਲੇ 24 ਘੰਟਿਆਂ ਵਿੱਚ ਊਨਾ, ਬਿਲਾਸਪੁਰ, ਹਮੀਰਪੁਰ, ਸੋਲਨ, ਸਿਰਮੌਰ, ਕਾਂਗੜਾ ਅਤੇ ਸ਼ਿਮਲਾ ਵਿੱਚ ਵੱਖ-ਵੱਖ ਥਾਵਾਂ 'ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।