ਕੈਨੇਡਾ: ਨਿੱਝਰ ਕਤਲ ਕੇਸ ਦੇ ਮੁਲਜ਼ਮਾਂ ਨੂੰ ਸਰੀ ਅਦਾਲਤ ਵਿਚ ਕੀਤਾ ਪੇਸ਼, ਪਈ ਅਗਲੀ ਤਰੀਕ
ਸਰੀ, 22 ਮਈ, 2024: ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਗ੍ਰਿਫਤਾਰ ਚਾਰ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਰੀ ਦੀ ਸੂਬਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੇ 25 ਜੂਨ ਦੀ ਤਾਰੀਕ ਤੈਅ ਕੀਤੀ ਹੈ। ਇਸ ਮਾਮਲੇ ਵਿਚ ਕਰਨ ਬਰਾੜ, ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨਾਂ ਦੇ ਚਾਰ ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਆਏ ਸਨ।
ਪੇਸ਼ੀ ਦੌਰਾਨ ਸਰਕਾਰੀ ਵਕੀਲ ਕੇਸ ਦੇ ਤੱਥ ਪੇਸ਼ ਕਰਨ ਲਈ ਸਮੇਂ ਦੀ ਮੰਗ ਕੀਤੀ ਜਿਸਨੂੰ ਵੇਖਦਿਆਂ ਅਦਾਲਤ ਨੇ ਅਗਲੀ ਤਾਰੀਕ ਤੈਅ ਕੀਤੀ।
ਸੁਣਵਾਈ ਦੌਰਾਨ ਅਦਾਲਤ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
ਯਾਦ ਰਹੇ ਕਿ ਕੈਨੇਡਾ ਨੇ ਭਾਰਤ ’ਤੇ ਦੋਸ਼ ਲਾਇਆ ਹੈ ਕਿ ਉਸਨੇ ਆਪਣੀ ਖੁਫੀਆ ਏਜੰਸੀ ਰਾਹੀਂ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਵਾਇਆ ਹੈ ਜਿਸਦਾ ਭਾਰਤ ਨੇ ਖੰਡਨ ਕੀਤਾ ਹੈ। ਭਾਰਤ ਨੇ ਹਰਦੀਪ ਸਿੰਘ ਨਿੱਝਰ ਨੂੰ ਅਤਿਵਾਦੀ ਕਰਾਰ ਦਿੱਤਾ ਹੋਇਆ ਸੀ।