Road Accident: ਚੰਡੀਗੜ੍ਹ- ਲੁਧਿਆਣਾ ਰੋਡ ’ਤੇ ਤੜਕੇ ਸਮਰਾਲਾ ਕੋਲ ਭਿਆਨਕ ਹਾਦਸਾ, ਟੂਰਿਸਟ ਬੱਸ ਟਰਾਲੇ ਵਿਚ ਪਿੱਛੋਂ ਵੱਜੀ-2 ਦੀ ਮੌਤ, ਕਈ ਜ਼ਖ਼ਮੀ
ਪਰਮਿੰਦਰ ਵਰਮਾ
ਸਮਰਾਲਾ, 22 ਮਈ, 2024: ਅੱਜ ਸਵੇਰੇ ਤੜਕੇ ਸਾਢੇ ਪੰਜ ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ। ਇੱਕ ਟੂਰਿਸਟ ਬੱਸ ਸੜਕ ’ਤੇ ਟਰਾਲੇ ਨਾਲ ਟਕਰਾਅ ਗਈ ਜਿਸ ਨਾਲ ਦੋ ਮਹਿਲਾ ਮੁਸਾਫਰਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਬੂਲੈਂਸ ਰਾਹੀਂ ਭੇਜਿਆ ਗਿਆ।ਹਾਦਸੇ ਦਾ ਅਸਲ ਕਰਨ ਨਹੀਂ ਪਤਾ ਪਰ ਤਸਵੀਰਾਂ ਤੋਂ ਸਾਫ ਹੁੰਦਾ ਹੈ ਕਿ ਟਰਾਲਾ ਸੜਕ ਦੇ ਅਖੀਰਲੇ ਖੱਬੇ ਪਾਸੇ ਵਾਲੇ ਲੈਣ ਵਿੱਚ ਵਿੱਚ ਸੀ ਜਦੋਂ ਕਿ ਬਾਕੀ ਦੋ ਲੈਣ ਖਾਲੀ ਸਨ .ਬੱਸ ਦੇ ਟਰਾਲੇ ਵਿੱਚ ਪਿੱਛੋਂ ਵਜਣ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕੀ ਹੋ ਸਕਦੈ ਬੱਸ ਡਰਾਈਵਰ ਨੂੰ ਨੀਂਦ ਦੀ ਝਪਕੀ ਲੱਗ ਗਈ ਹੋਵੇ ਕਿਉਂਕਿ ਇਹ ਬੱਸ ਲੰਮੇ ਸਫ਼ਰ ਤੋਂ ਆ ਰਹੀ ਸੀ।
![](http://www.babushahi.com/punjabi/upload/cke/1716352366_accident-bus-3-ed.jpg)
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ 8 ਮਈ ਨੂੰ ਇਕ ਮਹੀਨੇ ਲਈ ਇੰਦੌਰ ਤੋਂ ਰਵਾਨਾ ਹੋਈ ਜਿਸ ਵਿਚ ਕਰੀਬ 50 ਤੋਂ 60 ਮੁਸਾਫਰ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਸਨ।ਜਦੋਂ ਯਾਤਰੀ ਰਾਤੀ ਹਰਿਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਸਮਰਾਲਾ ਦੇ ਨੜੇਲੇ ਪਿੰਡ ਰੋਹਲੀਆਂ ਦੇ ਕੋਲ ਸਵੇਰੇ 5.30 ਵਜੇ ਸੜਕ ’ਤੇ ਖੜ੍ਹੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ ।ਟੱਕਰ ਇਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦਾ ਪਰਖੱਚੇ ਉਡ ਗਏ ਅਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਦੀਆਂ ਚੀਕਾਂ ਮਾਰਨ ਲੱਗ ਗਿਆ ।
ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਦੋ ਯਾਤਰੀਆਂ ਦੀ ਮੌਤ ਹੋ ਗਈ ਜੋ ਕਿ ਔਰਤਾਂ ਦੱਸਿਆ ਜਾ ਰਹੀ ਹਨ ਅਤੇ ਦਰਜਨਾਂ ਯਾਤਰੀ ਜ਼ਖ਼ਮੀ ਹੋ ਗਏ।ਸਮਰਾਲਾ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਤੇ ਰਾਹਤ ਕਾਰਜ ਵਿੱਚ ਜੁੱਟ ਗਈ। ਜ਼ਖ਼ਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ।
![](http://www.babushahi.com/punjabi/upload/cke/1716352405_accident-2-ed.jpg)