800 ਤੋਂ ਵੱਧ ਲੋਕਾਂ ਤੋਂ ਠੱਗੇ ਗਏ ਕਰੋੜਾਂ ਰੁਪਇਆ ਦਾ ਜਵਾਬ ਦੇਵੇ ਬੀਜੇਪੀ: ਆਪ
ਬੀਜੇਪੀ ਰਾਜ ਦੌਰਾਨ ਹੋਏ ਘੁਟਾਲੇ ਲਗਾਤਾਰ ਆ ਰਹੇ ਨੇ ਸਾਹਮਣੇ: ਮੇਅਰ ਕੁਲਦੀਪ ਕੁਮਾਰ
ਬੀਜੇਪੀ ਉਮੀਦਵਾਰ ਸੰਜੇ ਟੰਡਨ ਨੂੰ ਆਪਣੀ ਉਮੀਦਵਾਰੀ ਛੱਡਣੀ ਚਾਹੀਦੀ: ਚੰਦਰਮੁਖੀ ਸ਼ਰਮਾਂ
ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਘੁਟਾਲੇ ਦੀ ਜਾਂਚ
ਹਰ ਕੰਮ ਚ ਰੁਕਾਵਟ ਪਾਉਣ ਵਾਲੇ ਗਵਰਨਰ ਆਪਣੀ ਚੁੱਪੀ ਤੋੜਨ
ਚੰਡੀਗੜ੍ਹ, 22 ਮਈ, 2024: ਚੰਡੀਗੜ੍ਹ ਸ਼ਹਿਰ ਵਿੱਚ ਬੀਤੇ ਕੁੱਝ ਦਿਨਾਂ ਤੋਂ ਨੌਕਰੀ ਬਦਲੇ ਪੈਸੇ ਲੈਣ ਦੇ ਘੁਟਾਲੇ ਸਾਹਮਣੇ ਆ ਰਹੇ ਹਨ। ਇਸੇ ਲੜੀ ਦੌਰਾਨ ਬੀਤੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਬਾਗਵਾਨੀ ਵਿਭਾਗ ਵਿੱਚ ਬਿਨ੍ਹਾਂ ਕਿਸੇ ਟੈਂਡਰ ਦੇ 800 ਤੋਂ ਵੱਧ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵਲੋਂ ਕਰੋੜਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਬੀਜੇਪੀ ਦੇ ਆਗੂਆਂ ਪ੍ਰਤੀ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਘੁਟਾਲੇ ਦੇ ਸਾਰੇ ਦੋਸ਼ੀਆਂ ਉਤੇ ਸਖਤ ਕਾਰਵਾਈ ਕਰਨ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾਂ ਅਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵਲੋਂ ਸੈਕਟਰ 35 ਵਿੱਚ ਇੱਕ ਪ੍ਰੈਸੱ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਯੋਗੇਸ਼ ਢੀਂਗਰਾ, ਰਾਮਚੰਦਰ ਯਾਦਵ ਅਤੇ ਮਨੋਵਰ ਵੀ ਮੌਜੂਦ ਰਹੇ।
ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਦੇ ਕਾਰਜਕਾਲ ਦੌਰਾਨ ਹੋਏ ਘੁਟਾਲਿਆਂ ਤੋਂ ਹੁਣ ਲਗਾਤਾਰ ਪਰਦੇ ਉਠਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਪਾਰਕਿੰਗ ਘੁਟਾਲਾ ਸਾਹਮਣਾ ਆਇਆ ਸੀ। ਉਸ ਤੋਂ ਬਾਅਦ ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਰੱਖਣ ਦੇ ਨਾਮ ਤੇ ਠੇਕੇਦਾਰ ਵਲੋਂ ਗਰੀਬ ਲੋਕਾਂ ਤੋਂ ਨੌਕਰੀ ਦੇ ਨਾਮ ਤੇ ਪੈਸੇ ਠੱਗੇ ਗਏ ਅਤੇ ਹੁਣ ਇਨ੍ਹਾਂ ਤੋਂ ਵੱਡਾ ਘੁਟਾਲਾ ਜੋ ਚੰਡੀਗੜ੍ਹ ਦੇ ਬਾਲਮੀਕ ਸਮਾਜ ਅਤੇ ਹੋਰ ਵਰਗ ਦੇ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵਲੋਂ ਕਰੋੜਾਂ ਰੁਪਏ ਠੱਗਣ ਦਾ ਸਾਹਮਣਾ ਆਇਆ ਹੈ।
ਮੇਅਰ ਕੁਲਦੀਪ ਕੁਮਾਰ ਨੇ ਅੱਗੇ ਕਿਹਾ ਕਿ ਇਹ ਨੌਕਰੀ ਘੁਟਾਲਾ ਇਕੱਲੇ ਠੇਕੇਦਾਰ ਵਲੋਂ ਨਹੀਂ ਕੀਤਾ ਗਿਆ, ਇਹ ਘੁਟਾਲਾ ਸਰਕਾਰੀ ਅਫ਼ਸਰਾਂ ਅਤੇ ਬੀਜੇਪੀ ਦੇ ਆਗੂਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਿਲਕੁੱਲ ਅੱਖਾਂ ਬੰਦ ਕਰਕੇ ਬੈਠੇ ਹਨ, ਜਿਨ੍ਹਾਂ ਨੂੰ ਇਸ ਘੁਟਾਲੇ ਬਾਰੇ ਬਿਲਕੁੱਲ ਪਤਾ ਨਹੀਂ ਲੱਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਪੈਸਾ ਗਰੀਬ ਲੋਕਾਂ ਤੋਂ ਹੜੱਪਿਆ ਗਿਆ ਹੈ, ਉਸ ਨੂੰ ਵਾਪਿਸ ਕਰਵਾਇਆ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਦੇ ਕਈਂ ਗਰੀਬ ਲੋਕ ਬੀਤੇ ਦਿਨ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਗਹਿਣੇ ਅਤੇ ਘਰ ਦੇ ਕਾਗਜ਼ਾਤ ਗਿਰਵੀ ਰੱਖ ਕੇ ਪੈਸੇ ਠੇਕੇਦਾਰ ਨੂੰ ਦਿੱਤੇ ਗਏ। ਪਰ ਠੇਕੇਦਾਰ ਵਲੋਂ ਤਨਖਾਹ ਨਾ ਦਿੱਤੇ ਜਾਣ ਤੇ ਇਸ ਸਾਰੇ ਘੁਟਾਲੇ ਦਾ ਪਤਾ ਲੱਗਾ। ਮੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਇਸ ਸਾਰੇ ਘੁਟਾਲੇ ਦੇ ਦੋਸ਼ੀਆਂ ਉਤੇ ਸਖਤ ਕਾਰਵਾਈ ਕਰਨ ਦੇ ਲਈ ਇੱਕ ਪੱਤਰ ਲਿਖਿਆ ਗਿਆ ਹੈ।
ਇਸ ਮੌਕੇ ਉਤੇ ਆਪ ਆਗੂ ਚੰਦਰਮੁਖੀ ਸ਼ਰਮਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਘੁਟਾਲਿਆਂ ਦੇ ਪਿੱਛੇ ਇੱਕ ਮਾਫੀਆ ਕੰਮ ਕਰ ਰਿਹਾ ਹੈ ਅਤੇ ਮਾਫੀਆ ਬਿਨ੍ਹਾਂ ਰਾਜਨੀਤਿਕ ਮਦਦ ਦੇ ਕੰਮ ਨਹੀਂ ਕਰ ਸਕਦਾ। ਜਦੋਂ ਵੀ ਕਿਸੇ ਠੇਕੇਦਾਰ ਵਲੋਂ ਕਿਸੇ ਕੰਮ ਲਈ ਲੋਕ ਕੰਮ ਤੇ ਰੱਖੇ ਜਾਂਦੇ ਹਨ ਤਾਂ ਉਸਦੀ ਹਾਜ਼ਰੀ ਇੱਕ ਸਰਕਾਰੀ ਕਰਮਚਾਰੀ ਵਲੋਂ ਲਗਾਈ ਜਾਂਦੀ ਹੈ। ਪਰ ਇੱਥੇ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਆਮ ਲੋਕਾਂ ਨੂੰ ਬਿਨ੍ਹਾਂ ਤਨਖਾਹ ਦਿੱਤੇ ਕੰਮ ਕਰਵਾਇਆ ਗਿਆ।
ਚੰਦਰਮੁਖੀ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ 800 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਣ ਤੋਂ ਬਾਅਦ ਵੀ ਬੀਜੇਪੀ ਦੇ ਸਾਰੇ ਆਗੂ ਅਤੇ ਗਵਰਨਰ ਚੁੱਪੀ ਧਾਰ ਕੇ ਬੈਠੇ ਹਨ। ਬੀਜੇਪੀ ਵਲੋਂ ਸਭ ਕਾ ਸਾਥ, ਸਭ ਕਾ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ, ਪਰ ਚੰਡੀਗੜ੍ਹ ਵਿੱਚ ਦਿਨ–ਦਿਹਾੜੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਬੀਜੇਪੀ ਦੇ ਸਾਰੇ ਆਗੂ ਮੂੰਹ ਬੰਦ ਕਰਕੇ ਬੈਠੇ ਹਨ। ਉਨ੍ਹਾਂ ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਾਰੇੇ ਘੁਟਾਲੇ ਦੀ ਜਾਂਚ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ, ਕਿਉਂਕਿ ਹੋਰ ਸਾਰੀਆਂ ਏਜੰਸੀਆਂ ਬੀਜੇਪੀ ਦੇ ਦਬਾਅ ਹੇਠ ਕੰਮ ਰਹੀਆਂ ਹਨ।
ਚੰਦਰਮੁਖੀ ਸ਼ਰਮਾਂ ਨੇ ਇਸ ਮੌਕੇ ਉਤੇ ਮੰਗ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਤੋਂ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਲੋਕ ਸਭਾ ਉਮੀਦਵਾਰੀ ਛੱਡ ਦੇਣੀ ਚਾਹੀਦੀ ਹੈ ਅਤੇ ਬੀਜੇਪੀ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਰਾ ਘੁਟਾਲਾ ਬੀਜੇਪੀ ਦੇ ਰਾਜ ਵਿੱਚ ਹੋਇਆ ਹੈ। ਗਵਰਨਰ ਅਤੇ ਬੀਜੇਪੀ ਦੇ ਸਾਰੇ ਆਗੂ ਚੁੱਪੀ ਧਾਰ ਕੇ ਬੈਠੇ ਹਨ ਅਤੇ ਆਮ ਲੋਕ ਸੜਕਾਂ ਤੇ ਰੁਲ ਰਹੇ ਹਨ। ਇਨ੍ਹਾਂ ਸਾਰੇ ਘੁਟਾਲਿਆਂ ਦੇ ਲਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ, ਬੀਜੇਪੀ ਦੇ ਸਾਬਕਾ ਮੇਅਰ ਅਤੇ ਗਵਰਨਰ ਜਿੰਮੇਵਾਰ ਹਨ, ਜਿਨ੍ਹਾਂ ਦੇ ਨੱਕ ਹੇਠ ਇਹ ਸਾਰਾ ਘੁਟਾਲਾ ਹੋਇਆ ਹੈ।
ਇਸ ਮੌਕੇ ਉਤੇ ਆਪ ਆਗੂ ਪ੍ਰੇਮ ਗਰਗ ਨੇ ਬੋਲਦੇ ਹੋਏ ਕਿਹਾ ਕਿ ਬੀਜੇਪੀ ਦੇ ਰਾਜ ਵਿੱਚ ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘੁਟਾਲਿਆਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਸਾਫ਼ ਨੀਅਤ ਨਾਲ ਪਾਲਿਸੀ ਬਨਾਉਣੀ ਚਾਹੀਦੀ ਹੈ, ਸਾਰੇ ਠੇਕੇਦਾਰਾਂ ਦੀ ਲਿਸਟ ਵੈਬਸਾਇਟ ਉਤੇ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਵਿੱਚ ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਹਨ ਅਤੇ ਉਤੇ ਸਖਤ ਕਾਰਵਾਈ ਕਰਨ ਦੀ ਵੱਡੀ ਜਰੂਰਤ ਹੈ।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਇਸ ਮੌਕੇ ਕਿਹਾ ਕਿ ਅਜਿਹਾ ਘੁਟਾਲਾ ਚੰਡੀਗੜ੍ਹ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਹੈ, ਜਦੋਂ ਬਿਨ੍ਹਾਂ ਕਿਸੇ ਟੈਂਡਰ ਦੇ ਕਿਸੇ ਠੇਕੇਦਾਰ ਵਲੋਂ ਨੌਕਰੀ ਦੇ ਨਾਮ ਤੇ ਆਮ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹੋਣ। ਬਿਨ੍ਹਾਂ ਟੈਂਡਰ ਤੋਂ ਨੌਕਰੀ ਤੇ ਰੱਖਣਾ ਅਤੇ ਕਈਂ ਮਹੀਨੇ ਤੱਕ ਉਸ ਉਤੇ ਧਿਆਨ ਨਾ ਦੇਣਾ ਬੀਜੇਪੀ ਸਰਕਾਰ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ, ਕਿ ਇਸ ਘੁਟਾਲੇ ਦੀ ਛੇਤੀ ਤੋਂ ਛੇਤੀ ਜਾਂਚ ਕਰਵਾਈ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਇਸਦਾ ਵਿਰੋਧ ਕਰੇਗੀ ਅਤੇ ਆਮ ਲੋਕਾਂ ਦਾ ਪੈਸਾ ਵਾਪਿਸ ਕਰਵਾਇਆ ਜਾਵੇਗਾ।