ਕਪੂਰਥਲਾ 'ਚ ਰਸ਼ੀਅਨ ਕੁੜੀ ਲੁੱਟੀ : ਬਦਮਾਸ਼ਾਂ ਨੇ ਖੋਹਿਆ ਪਰਸ, ਪਾਸਪੋਰਟ, ਬੈਂਕ ਕਾਰਡ ਤੇ ਘਰ ਦੀਆਂ ਚਾਬੀਆਂ
ਡੀਐਸਪੀ ਨੇ ਕਿਹਾ - ਕੋਈ ਸ਼ਿਕਾਇਤ ਨਹੀਂ ਮਿਲੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਮਈ 2024 ਫਗਵਾੜਾ ਰੇਲਵੇ ਸਟੇਸ਼ਨ 'ਤੇ ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਨਾਲ ਰੂਸ ਤੋਂ ਭਾਰਤ ਘੁੰਮਣ ਆਈ ਰੂਸੀ ਲੜਕੀ ਦਾ ਪਰਸ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੀ ਮੈਨੇਜਰ ਜਸਵਿੰਦਰ ਨੇ ਦੱਸਿਆ ਕਿ ਉਹ ਅਧਿਆਤਮਿਕ ਗਿਆਨ ਲਈ ਅਕਸਰ ਵਿਦੇਸ਼ੀਆਂ ਨੂੰ ਭਾਰਤ ਲੈ ਕੇ ਆਉਂਦੇ ਹਨ।
ਉਹ ਉਨ੍ਹਾਂ ਨੂੰ ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਅਧਿਆਤਮਕ, ਧਾਰਮਿਕ ਅਤੇ ਇਤਿਹਾਸਕ ਸਥਾਨਾਂ 'ਤੇ ਲੈ ਜਾਂਦੇ ਹਨ। ਹਾਲ ਹੀ 'ਚ ਜਦੋਂ ਉਹ ਰਿਸ਼ੀਕੇਸ਼ ਤੋਂ ਵਾਪਸ ਜਲੰਧਰ ਆ ਰਹੇ ਸੀ ਤਾਂ ਫਗਵਾੜਾ ਰੇਲਵੇ ਸਟੇਸ਼ਨ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਨਾਲ ਜਾ ਰਹੀ ਰੂਸੀ ਲੜਕੀ ਦਾ ਪਰਸ ਖੋਹ ਲਿਆ। ਇਸ ਵਿੱਚ ਬਦਮਾਸ਼ ਪਾਸਪੋਰਟ, ਬੈਂਕ ਕਾਰਡ ਅਤੇ ਘਰ ਦੀਆਂ ਚਾਬੀਆਂ ਲੈ ਗਏ।
ਉਹਨਾਂ ਦੱਸਿਆ ਕਿ ਪਰਸ ਵਿੱਚ 3 ਲੱਖ ਰੁਪਏ ਤੋਂ ਵੱਧ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ, ਬੈਂਕ ਕਾਰਡ ਅਤੇ ਘਰ ਦੀਆਂ ਚਾਬੀਆਂ ਵੀ ਸਨ। ਉਸ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਹੁਤ ਡਰੀ ਹੋਈ ਹੈ। ਪੰਜਾਬ ਵਿੱਚ ਬਣੇ ਇਸ ਮਾਹੌਲ ਕਾਰਨ ਉਹ ਕਾਫੀ ਤਣਾਅ ਵਿੱਚ ਹੈ।
ਘਟਨਾ ਦੇ ਸਮੇਂ ਉਹ ਇੰਨਾ ਪਰੇਸ਼ਾਨ ਅਤੇ ਡਰੇ ਹੋਏ ਸਨ ਕਿ ਉਨ੍ਹਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਪਰ ਹੁਣ ਕਪੂਰਥਲਾ ਪਹੁੰਚ ਕੇ ਉਹ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ। ਜਿਨ੍ਹਾਂ ਨੇ ਉਸ ਨੂੰ ਫਗਵਾੜਾ 'ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ।
ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ।