ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ, ਧੱਕੇਸ਼ਾਹੀ ਵਿਰੁੱਧ ਕਿਸਾਨਾਂ ਨੇ ਲਾਏ 'ਮੋਦੀ ਵਾਪਸ ਜਾਓ' ਦੇ ਨਾਅਰੇ
ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ 2024- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਮੱਦੇ ਨਜ਼ਰ ਪਿੰਡ ਪਨਿਆੜ ਦੇ ਫੋਕਲ ਪੁਆਇੰਟ ਵਿੱਚ ਵੱਡੀ ਗਿਣਤੀ ਚ ਸਵੇਰੇ 10 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਕੱਤਰ ਹੋਏ ਪੰਜ ਦਰਜਨ ਦੇ ਕਰੀਬ ਕਿਸਾਨਾਂ ਨੂੰ ਪੁਲਿਸ ਫੋਰਸ ਨੇ ਹਿਰਾਸਤ ਵਿੱਚ ਲੈ ਲਿਆ । ਕਿਸਾਨਾਂ ਦਾ ਦੋਸ਼ ਹੈ ਕਿ ਪੁਰ ਅਮਨ ਢੰਗ ਨਾਲ ਬੈਠੇ ਕਿਸਾਨਾਂ ਨੂੰ ਪੁਲੀਸ ਨੇ ਧੱਕੇ ਨਾਲ ਹਿਰਾਸਤ ਵਿੱਚ ਲਿਆ ਹੈ ।
ਇਸ ਜਥੇ ਦੀ ਅਗਵਾਈ ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ ਤਰਲੋਕ ਸਿੰਘ ਬਹਿਰਾਮਪੁਰ, ਗੁਰਮੀਤ ਸਿੰਘ ਮਗਰਾਲਾ, ਸਤਬੀਰ ਸਿੰਘ ਸੁਲਤਾਨੀ, ਜਗੀਰ ਸਿੰਘ ਸਲਾਚ, ਗੁਰਦਿਆਲ ਸਿੰਘ ਸੋਹਲ, ਮੰਗਤ ਸਿੰਘ ਜੀਵਨ ਚੱਕ ਆਦਿ ਕਰ ਰਹੇ ਸਨ । ਨਾਅਰੇ ਲਾਉਂਦੇ ਹੋਏ ਕਿਸਾਨਾਂ ਨੂੰ ਪੁਲਿਸ ਨੇ ਬੱਸ ਚ ਬਿਠਾ ਕੇ ਭੈਣੀ ਮੀਆਂ ਥਾਣੇ ਲੈ ਆਉਂਦਾ । ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਨਰਿੰਦਰ ਮੋਦੀ ਦੇ ਕਹਿਣ ਤੇ ਹੋ ਰਹੀ ਹੈ । ਕਿਸਾਨਾਂ ਦਾ ਹੱਕਾਂ ਲਈ ਵਿਰੋਧ ਕਰਨਾ ਹੱਕ ਬਣਦਾ ਹੈ । ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾਣ, ਐਮਐੱਸਪੀ ਦੀ ਗਰੰਟੀ ਕੀਤੀ ਜਾਵੇ, ਲਖੀਮਪੁਰ ਖੀਰੀ ਦੇ ਸ਼ਹੀਦ ਸਾਥੀਆਂ ਦੇ ਜਿਹੜੇ ਗਵਾਹ ਹਨ ਉਹਨਾਂ ਨੂੰ ਤੰਗ ਕੀਤਾ ਜਾਣਾ ਬੰਦ ਕੀਤਾ ਜਾਵੇ । ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਸਵੇਰੇ 4 ਵਜੇ ਪੁਲਿਸ ਵੱਡੀ ਗਿਣਤੀ ਵਿੱਚ ਦਾਖਲ ਹੋਈ ਅਤੇ ਬਹੁਤ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ । ਬਹੁਤ ਸਾਰੇ ਜੋ ਸੁਚੇਤ ਸਨ ਉਹ ਪਹਿਲਾਂ ਹੀ ਘਰਾਂ ਤੋਂ ਲਾਂਭੇ ਸਨ । ਬਹੁਤ ਸਾਰੇ ਕਿਸਾਨ ਆਗੂ ਘਰ ਵਿੱਚ ਨਜ਼ਰਬੰਦ ਕੀਤੇ ਹੋਏ ਹਨ । ਮੱਖਣ ਸਿੰਘ ਕੁਹਾੜ ਦੇ ਘਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਸਵੇਰੇ 4 ਵਜੇ ਘੇਰਾਬੰਦੀ ਕੀਤੀ ਪਰੰਤੂ ਉਹ ਘਰ ਤੋਂ ਬਾਹਰ ਸਨ । ਇਸੇ ਤਰ੍ਹਾਂ ਅਜੀਤ ਸਿੰਘ ਠੱਕਰ ਸੰਧੂ, ਗੁਰਵਿੰਦਰ ਸਿੰਘ ਜੀਵਨ ਚੱਕ, ਦਲਵੀਰ ਸਿੰਘ ਜੀਵਨ ਚੱਕ ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਘਰਾਂ ਵਿੱਚ ਬੰਦ ਹਨ ।