ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰ ਰਹੇ ਸੈਂਕੜੇ ਕਿਸਾਨ ਗਿਰਫ਼ਤਾਰ
ਕਿਰਤੀ ਕਿਸਾਨ ਯੂਨੀਅਨ ਦਾ ਜਥੇ ਨੇ ਰੈਲੀ ਸਥਾਨ ਨਜ਼ਦੀਕ ਨਾਹਰੇ ਬਾਜ਼ੀ ਕਰ ਕੇ ਗਿਰਫ਼ਤਾਰੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ 24 ਮਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿਖੇ ਚੋਣ ਪ੍ਰਚਾਰ ਲਈ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਤੇ ਪਨਿਆੜ ਤੋਂ ਵੱਡੀ ਗਿਣਤੀ ਵਿੱਚ ਗਿਰਫ਼ਤਾਰੀਆਂ ਕੀਤੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦਾ ਇੱਕ ਵੱਡਾ ਜੱਥਾ ਸੂਬਾ ਆਗੂ ਜਤਿੰਦਰ ਸਿੰਘ ਛੀਨਾ ਅਮ੍ਰਿਤਸਰ ਦੀ ਅਗਵਾਈ ਹੇਠ ਰੈਲੀ ਸਥਾਨ ਦੇ ਨੇੜੇ ਪੁੱਜਣ ਵਿਚ ਕਾਮਯਾਬ ਹੋ ਗਿਆ ਸੀ । ਪਿੰਡ ਪਨਿਆੜ ਦੇ ਨਜ਼ਦੀਕ ਪੇਂਡੂ ਮਜ਼ਦੂਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੱਖਣ ਕੁਹਾੜ, ਸਤਿਬੀਰ ਸਿੰਘ ਸੁਲਤਾਨੀ, ਜਗੀਰ ਸਿੰਘ ਸਲਾਚ, ਤਿਰਲੋਕ ਸਿੰਘ ਬਹਿਰਾਮਪੁਰ, ਰਾਜ ਕੁਮਾਰ ਪੰਡੋਰੀ, ਸੁਖਦੇਵ ਰਾਜ ਬਹਿਰਾਮਪੁਰ ਦੀ ਅਗਵਾਈ ਹੇਠ ਰੋਸ਼ ਪ੍ਰਗਟ ਕਰ ਰਹੇ ਸਨ। ਉਹਨਾਂ ਨੂੰ ਗਿਰਫ਼ਤਾਰ ਕਰ ਕੇ ਭੈਣੀ ਮੀਆਂ ਖਾਂ ਥਾਣੇ ਵਿੱਚ ਲਿਜਾਇਆ ਗਿਆ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ,ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ, ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ ਨੇ ਨਿਖੇਧੀ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਸੋਚ ਦੀ ਪ੍ਰਤੀਨਿਧਤਾ ਕਰਦੀ ਬੀ ਜੇ ਪੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਹਰ ਪੱਧਰ ਤੇ ਧੱਕਾ ਕੀਤਾ ਸੀ। ਤਿੰਨ ਕਾਲੇ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਤੇ ਛਾਪਾ ਮਾਰਿਆ ਹੈ। ਇਸ ਲਈ ਪੰਜਾਬ ਦੇ ਲੋਕਾਂ ਮੋਦੀ ਸਰਕਾਰ ਦਾ ਵਿਰੋਧ ਕਰਨਾ ਲਾਜ਼ਮੀ ਹੈ।
ਇਸੇ ਦੌਰਾਨ ਅੰਮ੍ਰਿਤਸਰ ਤੋਂ ਬੱਸਾਂ ਲੈ ਕੇ ਮੋਦੀ ਦੀ ਰੈਲੀ ਵੱਲ ਪਹੁੰਚ ਰਹੇ ਵੱਡੀ ਗਿਣਤੀ ਵਿੱਚ ਕਿਸਾਨ ਜਿਨਾਂ ਦੀ ਅਗਵਾਈ ਜਤਿੰਦਰ ਸਿੰਘ ਛੀਨਾ ਅਤੇ ਰਾਮ ਸਿੰਘ ਝੰਡੇਰ ਕਰ ਰਹੇ ਸਨ ਉਹਨਾਂ ਨੂੰ ਵੀ ਗਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਵੀ ਥਾਣੇ ਭੈਣੀ ਮੀਆਂ ਖਾਨ ਲਿਆਂਦਾ ਗਿਆ । ਸੈਂਕੜਿਆਂ ਦੀ ਗਿਣਤੀ ਵਿੱਚ ਥਾਣੇ ਭੈਣੀ ਮੀਆਂ ਖਾਨ ਵਿਖੇ ਕਿਸਾਨ ਇਕੱਤਰ ਹੋ ਗਏ ਅਤੇ ਬਹੁਤ ਵੱਡੀ ਰੈਲੀ ਕੀਤੀ ਗਈ।