ਛੱਤੀਸਗੜ੍ਹ ਦੇ ਬੇਮੇਤਾਰਾ 'ਚ ਬਾਰੂਦ ਦੀ ਫੈਕਟਰੀ 'ਚ ਧਮਾਕਾ, ਕਈ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ
ਰਾਏਪੁਰ, 25 ਮਈ 2024 : ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਘਟਨਾ 'ਚ 10 ਤੋਂ 12 ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰੂਦ ਫੈਕਟਰੀ 'ਚ ਹੋਏ ਧਮਾਕੇ 'ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਮਲਬੇ 'ਚ ਦੱਬੇ ਹੋ ਸਕਦੇ ਹਨ। ਬਾਰੂਦ ਫੈਕਟਰੀ ਵਿੱਚ ਧਮਾਕੇ ਦੀ ਘਟਨਾ ਜ਼ਿਲ੍ਹੇ ਦੇ ਬਰਲਾ ਬਲਾਕ ਦੇ ਬੋਰਸੀ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਧਮਾਕਾ ਹੋਣ 'ਤੇ ਆਸਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਘਟਨਾ 'ਚ ਕਈ ਜ਼ਖਮੀਆਂ ਨੂੰ ਰਾਏਪੁਰ ਦੇ ਮੇਕਹਾਰਾ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ।
ਬਾਰੂਦ ਫੈਕਟਰੀ 'ਚ ਧਮਾਕੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੈਂਕੜੇ ਫੁੱਟ ਉੱਪਰ ਬਿਜਲੀ ਦੀਆਂ ਤਾਰਾਂ ਇਸ ਨਾਲ ਪ੍ਰਭਾਵਿਤ ਹੋ ਗਈਆਂ। https://www.livehindustan.com/