ਇੱਕ ਰੁਪਿਆ ਚਾਂਦੀ ਦਾ ਦੇਖ ਵਿਰੋਧੀ ਮਾਂਜੀਦਾ ਬਣੀ ਬਠਿੰਡਾ ਹਲਕੇ ਦੀ ਸਿਆਸੀ ਜੰਗ
ਅਸ਼ੋਕ ਵਰਮਾ
ਬਠਿੰਡਾ,25 ਮਈ2024 : ਬਠਿੰਡਾ ਸੰਸਦੀ ਹਲਕੇ ਦੇ ਗਲੀ ਮੁਹੱਲੇ ਇੱਕੋ ਹੀ ਸੁਆਲ ਹੈ ਬਠਿੰਡੇ ਤੋਂ ਕੌਣ ਜਿੱਤੂ। ਹਵਾ ਦਾ ਰੁਖ ਕੀਹਦੇ ਵੱਲ ਹੈ। ਵੋਟਾਂ ਪੈਣ ਵਿੱਚ ਸਿਰਫ਼ ਸੱਤ ਦਿਨ ਬਾਕੀ ਹਨ ਜਿਸ ਦੌਰਾਨ ਹਰ ਪਾਰਟੀ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾਣਾ ਹੈ। ਚਾਰ ਮੁੱਖ ਪਾਰਟੀਆਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਿਆਸੀ ਮਾਂਜਾ ਲਾਉਣ ਦਾ ਦਮ ਭਰਿਆ ਜਾ ਰਿਹਾ ਹੈ। ਅੱਜ ਦੀ ਘੜੀ ਕੋਈ ਵੀ ਜਿੱਤ ਦਾ ਪੱਕਾ ਦਾਅਵਾ ਨਹੀਂ ਕਰ ਸਕਦਾ ਹੈ। ਅੱਤ ਦੀ ਗਰਮੀ ਦੇ ਬਾਵਜੂਦ ਬਠਿੰਡਾ ਹਲਕੇ ਦਾ ਸਿਆਸੀ ਪਾਰਾ ਅੰਬਰਾਂ ਨੂੰ ਛੂਹਣ ਲੱਗਿਆ ਹੈ। ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਮੈਦਾਨ ਵਿੱਚ ਹੈ ਜੋ ਹਰ ਸਿਆਸੀ ਪਾਰਟੀ ਦੇ ਨਿਸ਼ਾਨੇ ਤੇ ਚੱਲ ਰਹੀ ਹੈ ਤਾਂ ਜੋ ਬਾਦਲਾਂ ਦਾ ਕਿਲਾ ਢਾਹਿਆ ਜਾ ਸਕੇ।
ਹਲਕੇ ਦੇ ਵੋਟਰ ਚੁੱਪ ਹਨ ਪਰ ਕੁੱਝ ਦਾ ਕਹਿਣਾ ਹੈ ਕਿ ਐਤਕੀਂ ਬਾਦਲਾਂ ਦਾ ਸਿਆਸੀ ਗੱਡਾ ਚਿਕੜ ’ਚ ਫਸਿਆ ਜਾਪਦਾ ਹੈ ਜਦੋਂਕਿ ਕਈਆਂ ਦੀ ਰਾਏ ਇਸ ਤੋਂ ਵੱਖਰੀ ਹੈ। ਹਰਸਿਮਰਤ ਨੂੰ ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਰੜਕ ਰਹੀ ਹੈ ਜੋ ਕੁੱਝ ਸਮਾਂ ਪਹਿਲਾਂ ਅਕਾਲ ਚਲਾਣਾ ਗਏ ਸਨ। ਵੱਡੇ ਬਾਦਲ ਕੋਲ ਕਿੰਨੇ ਦਾਅ ਪੇਚ ਸਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਵੱਡੇ ਬਾਦਲ ਕੋਲ ਏਦਾਂ ਦੀ ਗਿੱਦੜਸਿੰਗੀ ਵੀ ਸੀ ਕਿ ਫਸਿਆ ਗੱਡਾ ਕਿਵੇਂ ਕੱਢਣਾ ਹੈ। ਵੱਡੇ ਬਾਦਲ ਦੀ ਗੈਰਮੌਜੂਦਗੀ ਵਿੱਚ ਹਰਸਿਮਰਤ ਨੂੰ ਇਕੱਲਿਆਂ ਹੀ ਇਹ ਚੋਣ ਜੰਗ ਲੜਨੀ ਪੈ ਰਹੀ ਹੈ। ਇਸ ਵਾਰ ਅਕਾਲੀ ਦਲ ਇਕੱਲਾ ਚੋਣ ਮੈਦਾਨ ਵਿੱਚ ਹੈ ਜਦੋਂਕਿ ਪਹਿਲਾਂ ਭਾਜਪਾ ਨਾਲ ਭਾਈਵਾਲੀ ਲੂਚ ਚੋਣ ਲੜੀ ਜਾਂਦੀ ਰਹੀ ਹੈ।
ਹਰਸਿਮਰਤ ਬਾਦਲ ਜਨਤਕ ਤੌਰ ’ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਸੰਸਦੀ ਹਲਕੇ ਬਠਿੰਡਾ ਦੀ ਨੁਹਾਰ ਬਦਲ ਦਿੱਤੀ ਹੈ। ਰਿਫਾਈਨਰੀ, ਪੈਟਰੋ ਕੈਮੀਕਲ ਯੂਨਿਟ ਤੇ ‘ਏਮਜ਼’ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਉਹ ਕੇਂਦਰੀ ਪ੍ਰਾਜੈਕਟ ਸਭ ਤੋਂ ਵੱਧ ਬਠਿੰਡਾ ਹਲਕੇ ਵਿਚ ਲਿਆਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਨੇ ਵੀ ਮੁਹਿੰਮ ਭਖਾਈ ਹੋਈ ਹੈ। ਖੁਡੀਆਂ ਦੱਸਦੇ ਹਨ ਕਿ ਆਪ ਸਰਕਾਰ ਨੇ ਸਰਕਾਰ ਨੌਕਰੀਆਂ ਦੀ ਝੜੀ ਲਾਈ ਹੈ। ਪੰਜਾਬ ਦੇ 90 ਫੀਸਦੀ ਪ੍ਰੀਵਾਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਉਹ ਆਪ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਗਿਣਾਕੇ ਫਤਵਾ ਮੰਗ ਰਹੇ ਹਨ। ਖੁਡੀਆਂ ਵੱਡੇ ਬਾਦਲ ਵਰਗ ਧੁਰੰਤਰ ਸਿਆਸੀ ਪਹਿਲਵਾਨ ਨੂੰ ਹਰਾਉਣ ਦਾ ਵੀ ਜਿਕਰ ਕਰਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ਦੀਆਂ ਵੱਖ ਵੱਖ ਥਾਵਾਂ ਤੇ ਡਟਵਾਂ ਚੋਣ ਪ੍ਰਚਾਰ ਕੀਤਾ ਹੈ। ਭਗਵੰਤ ਮਾਨ ਦੇ ਸਿਆਸੀ ਲਲਕਾਰਿਆਂ ਨੇ ਵਿਰੋਧੀਆਂ ਦਾ ਸਾਹ ਸੂਤੇ ਹਨ। ਭਾਜਪਾ ਨੇ ਇਸ ਵਾਰ ਸਾਬਕਾ ਆਈਏਐਸ ਅਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਦਾਅ ਖੇਡਿ੍ਹਆ ਹੈ । ਕੇਂਦਰੀ ਰੱਖਿਆ ਮੰਤਰੀ 26 ਮਈ ਦਿਨ ਐਤਵਾਰ ਨੂੰ ਪਰਮਪਾਲ ਕੌਰ ਦੇ ਹੱਕ ’ਚ ਰੈਲੀ ਕਰ ਰਹੇ ਹਨ। ਪਰਮਪਾਲ ਕੌਰ ਬਾਕੀਆਂ ਕਿੰਨਾ ਕੁ ਭਾਰੀ ਪੈਂਦੀ ਹੈ ਇਸ ਤੇ ਵੀ ਕਾਫ਼ੀ ਕੁੱਝ ਨਿਰਭਰ ਕਰਦਾ ਹੈ। ਪਰਮਪਾਲ ਕੌਰ ਨੂੰ ਭਾਜਪਾ ਉਮੀਦਵਾਰ ਹੁਣ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਮਪਾਲ ਕੌਰ ਦੀ ਕੁੱਝ ਭਾਜਪਾਈਆਂ ਵੱਲੋਂ ਚੁੱਪ ਚੁਪੀਤੇ ਮੁਖਾਲਫਤ ਕਰਨ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।
ਕੁੱਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀ ਮਿਣਤੀ ’ਚ ਪਰਮਪਾਲ ਕੌਰ ਪਛੜਦੇ ਦਿਖਾਈ ਦੇ ਰਹੇ ਸਨ ਪਰ ਹੁਣ ਟੱਕਰ ਬਣਦੀ ਜਾਪ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰ ਕਿਸ ਆਗੂ ਦੀਆਂ ਬੇੜੀਆਂ ’ਚ ਵੱਟੇ ਪਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਇਸੇ ਤਰਾਂ ਹੀ ਕਾਂਗਰਸੀ ਉਮੀਦਵਾਰ ਸਾਬਕਾ ਵਿਧਾਇਕ ਜੀਤਮੋਹਿੰਦਰ ਸਿੰਘ ਸਿੱਧੂ ਵੀ ਵਿਰੋਧੀਆਂ ਤੇ ਹੱਲਾ ਬੋਲਣ ਦਾ ਕੋਈ ਮੌਕਾ ਨਹੀਂ ਖੁੰਝਣ ਦੇ ਰਹੇ ਹਨ। ਕਾਂਗਰਸੀ ਉਮੀਦਵਾਰ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਵੀ ਉਠਾਇਆ ਜਾ ਰਿਹਾ ਹੈ ਜੋ ਕਤਲ ਕਰ ਦਿੱਤੇ ਗਏ ਸਨ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਜੀਤਮੋਹਿੰਦਰ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਕਾਂਗਰਸ ਦੇ ਕੁੱਝ ਆਗੂ ਕਾਂਗਰਸੀ ਉਮੀਦਵਾਰ ਨੂੰ ਅੰਦਰੋਂ ਅੰਦਰੀ ਜੜ੍ਹੀਂ ਤੇਲ ਦਿੰਦੇ ਲੱਗਦੇ ਹਨ।
ਹਲਕੇ ’ਚ ਬੇਰੂਜ਼ਗਾਰੀ ਦਾ ਮਸਲਾ ਵੀ ਉੱਭਰਿਆ ਹੈ। ਇਸ ਵਾਰ ਕਿਸਾਨੀ ਵੋਟ ਬੈਂਕ ਵੀ ਅਹਿਮ ਭੂਮਿਕਾ ਨਿਭਾਏਗਾ। ਹਲਕੇ ’ਚ ਡੇਰਾ ਸੱਚਾ ਸੌਦਾ ਸਿਰਸਾ ਦਾ ਮਜਬੂਤ ਅਧਾਰ ਹੈ ।ਹਾਲ ਦੀ ਘੜੀ ਇੰਝ ਲੱਗਦਾ ਹੈ ਕਿ ਡੇਰਾ ਸਿਰਸਾ ਫੈਸਲਾ ਨਿਰਪੱਖ ਰੱਖੇਗਾ ਜੋ ਪਹਿਲਾਂ ਨੰਗੇ ਧੜ ਨਿਤਰਦਾ ਆਇਆ ਹੈ। ਭਾਵੇਂ ਚੋਣ ਪ੍ਰਸ਼ਾਸ਼ਨ ਨੇ ਸਖਤੀ ਦਿਖਾਈ ਹੈ ਪਰ ਆਖਰੀ ਪਲਾਂ ’ਤੇ ਪੈਸੇ ਨਾਲ ਰੰਗ ਦਿਖਾਉਣ ਦੇ ਚਰਚੇ ਹਨ। ਸੂਤਰਾਂ ਮੁਤਾਬਕ ਸੱਟਾ ਬਾਜ਼ਾਰ ਵਿਚ ਵੀ ਕਾਫ਼ੀ ਬਦਲਾਅ ਦਿਖਣ ਲੱਗਾ ਹੈ। ਬਠਿੰਡਾ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਹਨ ਜਿੰਨ੍ਹਾਂ ’ਚ ਸਾਲ 2022 ਦੀਆਂ ਅਸੈਂਬਲੀ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ। ਵੋਟਰ ਆਖਦੇ ਹਨ ਕਿ ‘ਹਾਲੇ ਸਭ ਦੇ ਭਾਸ਼ਨ ਸੁਣੀ ਜਾਂਦੇ ਹਾਂ, ਜੋ ਲੋਕਾਂ ਬਾਰੇ ਸੋਚੂ, ਉਸ ਦਾ ਬਟਨ ਦੱਬਾਂਗੇ’।
ਬਠਿੰਡਾ: ਸਾਲ 2019 ਦੀ ਸਥਿਤੀ
ਸਾਲ 2019 ’ਚ ਬਠਿੰਡਾ ਸੀਟ ਤੀਸਰੀ ਵਾਰ ਜਿੱਤ ਕੇ ਬਾਦਲ ਪਰਿਵਾਰ ਨੇ ਆਪਣੀ ਬਾਦਸ਼ਾਹੀ ਕਾਇਮ ਕੀਤੀ ਸੀ। ਹਰਸਿਮਰਤ ਬਾਦਲ ਨੂੰ 4,92,824 ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ ਜਿੰਨ੍ਹਾਂ ਦਾ ਫਰਕ 21,772 ਹੈ। ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 1,34,398 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ’ਤੇ ਰਹੀ ਹੈ ਜਦੋਂ ਕਿ ਦੁਆਬੇ ਤੋਂ ਬਾਦਲਾਂ ਨੂੰ ਹਰਾਉਣ ਆਏ ਸੁਖਪਾਲ ਖਹਿਰਾ ਨਾਲ ਸਭ ਤੋਂ ਭੈੜੀ ਹੋਈ ਜਿਸ ਦੀ ਜਮਾਨਤ ਜਬਤ ਹੋ ਗਈ ਸੀ।