ਭਗਵੰਤ ਮਾਨ ਸਰਕਾਰ ਲੰਮੀ ਨਹੀਂ ਚੱਲੇਗੀ- ਅਮਿਤ ਸ਼ਾਹ ਦਾ ਵੱਡਾ ਬਿਆਨ (ਵੇਖੋ ਵੀਡੀਓ)
ਲੁਧਿਆਣਾ, 26 ਮਈ 2024- ਪੰਜਾਬ ਦੇ ਵਿਚ ਭਗਵੰਤ ਮਾਨ ਸਰਕਾਰ ਲੰਮੀ ਚੱਲਣ ਵਾਲੀ ਨਹੀਂ ਹੈ। ਇਹ ਵੱਡਾ ਬਿਆਨ ਲੁਧਿਆਣਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ। ਉਨ੍ਹਾਂ ਕਿਹਾ ਕਿ, ਕੇਂਦਰ ਵਿਚ ਫਿਰ ਤੋਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣਨ ਜਾ ਰਹੀ ਹੈ।
ਸ਼ਾਹ ਨੇ ਕਿਹਾ ਕਿ, ਭਗਵੰਤ ਮਾਨ ਕੇਜਰੀਵਾਲ ਦੇ ਪਾਈਲਟ ਬਣ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ, ਕੇਜਰੀਵਾਲ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐੱਮ ਬਣਾ ਦਿੱਤਾ ਹੈ। ਪੂਰਾ ਪੰਜਾਬ ਇਸ ਵੇਲੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ, ਇੱਕ ਜੂਨ ਨੂੰ ਕੇਜਰੀਵਾਲ ਨੇ ਜੇਲ੍ਹ ਜਾਣਾ ਹੈ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀਆਂ ਮਨਾਉਣ ਵਿਦੇਸ਼ ਜਾ ਰਹੇ ਹਨ।
ਅਮਿਤ ਸ਼ਾਹ ਨੇ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਦਾਅਵਾ ਕੀਤਾ ਕਿ, 310 ਸੀਟਾਂ ਤਾਂ ਮੋਦੀ ਜੀ ਨੂੰ ਮਿਲ ਵੀ ਚੁੱਕੀਆਂ ਹਨ। ਅਮਿਤ ਸ਼ਾਹ ਨੇ ਕਿਹਾ ਕਿ, ਮੇਰੇ ਗੁਰੂ ਮੈਨੂੰ ਪੜ੍ਹਾਉਂਦੇ ਸਨ ਕਿ, ਜੇ ਪੰਜਾਬ ਨਾ ਹੋਵੇ ਤਾਂ, ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ, ਦੂਜਾ ਕਹਿੰਦੇ ਸੀ ਪੰਜਾਬ ਨਾ ਹੋਵੇ ਤਾਂ, ਦੇਸ਼ ਦਾ ਪੇਟ ਭਰ ਨਹੀਂ ਸਕਦਾ। ਭਾਰਤ ਦੀ ਸੁਰੱਖਿਆ ਕਰਨ ਦਾ ਕੰਮ ਪੰਜਾਬ ਦੇ ਜਵਾਨਾਂ ਨੇ ਕੀਤਾ ਹੈ ਅਤੇ ਕਰ ਰਹੇ ਹਨ।