ਪੰਜਾਬ ’ਚ ਅੱਜ ਸ਼ਾਮ 6 ਵਜੇ ਬੰਦ ਹੋਵੇਗਾ ਚੋਣ ਪ੍ਰਚਾਰ
ਚੰਡੀਗੜ੍ਹ, 30 ਮਈ, 2024: ਲੋਕ ਸਭਾ ਚੋਣਾਂ ਦੇ 7ਵੇਂ ਗੇੜ ਵਿਚ ਪੰਜਾਬ ਵਿਚ ਚੋਣ ਪ੍ਰਚਾਰ ਅੱਜ 30 ਮਈ ਨੂੰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਪੰਜਾਬ ਵਿਚ ਬਹੁ ਗਿਣਤੀ 11 ਸੀਟਾਂ ’ਤੇ ਇਸ ਵਾਰ ਚਹੁ ਕੋਣਾ ਮੁਕਾਬਲਾ ਹੈ ਜਦੋਂ ਕਿ ਸੰਗਰੂਰ ਤੇ ਖਡੂਰ ਸਾਹਿਬ ਵਿਚ ਪੰਜ ਕੋਣਾ ਮੁਕਾਬਲਾ ਹੈ। ਪੰਜਾਬ ਵਿਚ ਇਸ ਵਾਰ ਚੋਣ ਪ੍ਰਚਾਰ ਦੌਰਾਨ ਦੇਸ਼ ਦੀ ਸਿਖ਼ਰਲੀ ਸਿਆਸੀ ਲੀਡਰਸ਼ਿਪ ਨੇ ਪਿੜ ਮਘਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ, ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਅਣਗਿਣਤ ਕੇਂਦਰੀ ਮੰਤਰੀਆਂ ਤੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਧੂੰਆਂਧਾਰ ਪ੍ਰਚਾਰ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਅਖਾੜਾ ਭਖਾਈ ਰੱਖਿਆ। ਪਾਰਟੀ ਦਾ ਭਾਜਪਾ ਨਾਲ ਗਠਜੋੜ ਨਾ ਹੋਣ ਕਾਰਣ ਇਸ ਵਾਰ ਅਕਾਲੀ ਦਲ ਲਈ ਕਿਸੇ ਬਾਹਰਲੇ ਸਟਾਰ ਪ੍ਰਚਾਰਕ ਨੇ ਪ੍ਰਚਾਰ ਨਹੀਂ ਕੀਤਾ। ਅਕਾਲੀ ਦਲ ਇਕਲੌਤੀ ਖੇਤਰੀ ਪਾਰਟੀ ਦੇ ਦਾਅਵੇ ਨਾਲ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ।