ਹਰਿਆਣਾ 'ਚ AAP-ਕਾਂਗਰਸ ਗੱਠਜੋੜ ਟੁੱਟਿਆ, ਹੁੱਡਾ ਨੇ ਇਕੱਲੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
ਚੰਡੀਗੜ੍ਹ, 11 ਜੂਨ 2024-ਲੋਕ ਸਭਾ ਚੋਣਾਂ ਨੂੰ ਖਤਮ ਹੋਏ ਨੂੰ ਹਾਲੇ ਮਹੀਨਾ ਵੀ ਨਹੀਂ ਹੋਇਆ ਕਿ, ਹਰਿਆਣਾ ਵਿਚ ਆਪ ਕਾਂਗਰਸ ਗੱਠਜੋੜ ਟੁੱਟ ਗਿਆ ਹੈ। ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ INDIA ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਹਰਿਆਣਾ 'ਚ ਆਮ ਆਦਮੀ ਪਾਰਟੀ ਨਾਲ ਸਾਡਾ ਗਠਜੋੜ ਲੋਕ ਸਭਾ ਚੋਣਾਂ ਤੱਕ ਹੀ ਸੀ, ਅਸੀਂ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਾਂਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਸ ਕਾਰਨ ਕਾਂਗਰਸ ਹਰਿਆਣਾ ਵਿਚ ਇਕੱਲਿਆਂ ਹੀ ਚੋਣਾਂ ਲੜੇਗੀ। ਅਸੀਂ ਹਰਿਆਣਾ ਨੂੰ ਬਚਾਉਣਾ ਹੈ ਅਤੇ ਹਰਿਆਣਾ ਵਿਚ ਬਦਲਾਅ ਲਿਆਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਅੰਤ ਤੱਕ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੀਆਂ 90 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਅਕਤੂਬਰ 2024 ਨੂੰ ਜਾਂ ਇਸ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਨ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ 2024 ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ 2019 ਵਿੱਚ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਸ ਸਮੇਂ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਨਾਇਬ ਸਿੰਘ ਸੈਣੀ ਸੂਬੇ ਦੇ ਮੁੱਖ ਮੰਤਰੀ ਹਨ।