ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਦਿਵਸ ਮੌਕੇ ਗਰਭਵਤੀ ਔਰਤਾਂ ਦੀ ਕੀਤੀ ਸਿਹਤ ਜਾਂਚ: ਡਾ. ਕਰਮਜੀਤ ਸਿੰਘ
ਦਲਜੀਤ ਕੌਰ
ਛਾਜਲੀ/ਸੁਨਾਮ/ਸੰਗਰੂਰ, 11 ਜੂਨ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਹਤ ਬਲਾਕ ਕੌਹਰੀਆਂ ਵਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਵ ਦਿਵਸ ਮੌਕੇ ਸਿਹਤ ਸੰਸਥਾਵਾਂ ‘ਤੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਕੈਂਪ ਲਗਾ ਕੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਕਰਮਜੀਤ ਸਿੰਘ ਐਕਸ ਪੀ ਸੀ ਐੱਸ ਨੇ ਦੱਸਿਆ ਕਿ ਇਹ ਦਿਵਸ ਮਨਾਉਣ ਦਾ ਉਦੇਸ਼ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਗਰਭਵਤੀ ਮਾਵਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਵੱਡੀ ਗਿਣਤੀ ਔਰਤਾਂ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ ਨਾ ਮਿਲਣ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜੱਚਾ-ਬੱਚਾ ਸਾਂਭ ਸਕੀਮ ਤਹਿਤ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਅਕ੍ਰਮ ਅਧੀਨ ਗਰਭਵਤੀ ਮਹਿਲਾਵਾਂ ਲਈ ਗਰਭ-ਅਵਸਥਾ, ਜਣੇਪੇ ਦੌਰਾਨ ਸਰਕਾਰੀ ਸਿਹਤ ਸੰਸਥਾਂਵਾਂ ਵਿੱਚ ਸਾਰੀਆਂ ਸੇਵਾਵਾਂ ਮੁਫਤ ਦਿੱਤੀਆਂ ਹਨ। ਇਸ ਤੋਂ ਇਲਾਵਾ ਜਨਨੀ ਸੁਰੱਖਿਆ ਯੋਜਨਾ ਤਹਿਤ ਚੰਗੀ ਖੁਰਾਕ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਸਮੂਹ ਸਿਹਤ ਅਮਲੇ ਨੂੰ ਗਰਭਵਤੀ ਮਾਵਾਂ ਦੀਆਂ ਮੌਤਾਂ ਨੂੰ ਰੋਕਣ ਲਈ ਜਿਆਦਾ ਜੋਖਮ ਵਾਲੀਆਂ ਮਾਵਾਂ ਦੀ ਪਹਿਚਾਨ, ਟਰੈਕਿੰਗ ਅਤੇ ਫਾਲੋ-ਅੱਪ ਦੀ ਜਾਂਚ ਨੂੰ ਯਕੀਨੀ ਕਰਨ ਲਈ ਕਿਹਾ।
ਡਾ. ਰਾਜਬੀਰ ਕੌਰ ਫੀਮੇਲ ਮੈਡੀਕਲ ਅਫਸਰ ਛਾਜਲੀ ਨੇ ਦੱਸਿਆ ਕਿ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਜਨਾਨਾ ਰੋਗਾਂ ਦੇ ਮਾਹਰ ਡਾਕਟਰਾਂ ਵੱਲੋਂ ਗਰਭਵਤੀ ਔਰਤਾਂ ਦੀ ਮੁਫ਼ਤ ਜਾਂਚ ਤੇ ਟੈਸਟ ਕੀਤੇ ਜਾਂਦੇ ਹਨ ਤੇ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ।ਇਸ ਤੋਂ ਇਲਾਵਾ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਮੁਫ਼ਤ ਟੀਕਾਕਰਨ ਵੀ ਕੀਤਾ ਜਾਂਦਾ ਹੈ।
ਨਰਿੰਦਰ ਪਾਲ ਸਿੰਘ ਬੀ.ਈ.ਈ. ਨੇ ਹਾਜ਼ਰੀਨ ਨੂੰ ਆਪਣੀ ਰੋਜ਼ਾਨਾ ਖ਼ੁਰਾਕ, ਸਾਫ਼ ਸਫਾਈ, ਟੀਕਾਕਰਨ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਮਿੰਨੀ ਪੀ ਐਚ ਸੀ ਦਾ ਸਮੂਹ ਸਟਾਫ ਹਾਜਰ ਸੀ।