ਪੁਰਤਗਾਲ ਤੋਂ ਪਰਤੇ ''ਗੁਰਜੀਤ'' ਦੀ ਸ਼ਿਕਾਇਤ 'ਤੇ ਪੁਲਿਸ ਧਿਆਨ ਦਿੰਦੀ ਤਾਂ ਬਚ ਸਕਦੀ ਸੀ ਉਸਦੀ ਜਾਨ
ਪੁਲਿਸ ਨੇ ਕਿਹਾ, ਅਸੀਂ ਸਵੇਰੇ ਦੋਹਾਂ ਧਿਰਾਂ ਨੂੰ ਬੁਲਾਇਆ ਸੀ ਪਰ ਉਸ ਤੋਂ ਪਹਿਲਾਂ ਹੀ ਕਤਲ ਹੋ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 12 ਜੂਨ 2024 : ਬੀਤੀ ਰਾਤ 9 ਵਜੇ ਦੇ ਕਰੀਬ ਥਾਣਾ ਭੈਣੀ ਮੀਆਂ ਖਾਨ ਦੇ ਤਹਿਤ ਆਉਂਦੇ ਚੱਕ ਸ਼ਰੀਫ ਵਿੱਚ ਹੋਏ 34 ਸਾਲ ਉਮਰ ਦੇ ਨੌਜਵਾਨ ਗੁਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਮ੍ਰਿਤਕ ਦੇ ਕਰੀਬੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਪੁਲਿਸ ਵੇਲੇ ਸਿਰ ਉਸਦੀ ਸ਼ਿਕਾਇਤ ਤੇ ਧਿਆਨ ਦੇ ਦਿੰਦੀ।
ਮ੍ਰਿਤਕ ਗੁਰਜੀਤ ਸਿੰਘ ਦੇ ਇੱਕ ਬੇਹਦ ਕਰੀਬੀ ਦੋਸਤ ਨੇ ਦੱਸਿਆ ਕਿ 5 ਵਜੇ ਜਦੋਂ ਗੁਰਜੀਤ ਸਿੰਘ ਅਤੇ ਉਸਦੀ ਮਾਂ ਨੂੰ ਪੈਲੀ ਵਿੱਚ ਉਸ ਦੇ ਤਾਏ ਦੇ ਪੁੱਤਰ ਗੁਰਪ੍ਰੀਤ ਸਿੰਘ ਵੱਲੋਂ ਖਾਲ ਢਾਊਨ ਦਾ ਮਜਾ ਚਖਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਕੁਝ ਸਮੇਂ ਬਾਅਦ ਮ੍ਰਿਤਕ ਗੁਰਜੀਤ ਸਿੰਘ ਆਪਣੇ ਇੱਕ ਦੋਸਤ ਨਾਲ ਥਾਣਾ ਭੈਣੀ ਮੀਆਂ ਖਾਂ ਵਿਖੇ ਪੁਲਿਸ ਨੂੰ ਇਸਦੀ ਸ਼ਿਕਾਇਤ ਕਰਨ ਗਿਆ ਸੀ। ਸ਼ਾਮ 7:30 ਵਜੇ ਦੇ ਕਰੀਬ ਉਨਾਂ ਨੇ ਥਾਣਾ ਭੈਣੀ ਮੀਆਂ ਖਾਂ ਵਿਖੇ ਜਾ ਕੇ ਲਿਖਤ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਗੁਰਪ੍ਰੀਤ ਸਿੰਘ ਸ਼ਰਾਬੀ ਹਾਲਤ ਵਿੱਚ ਹੈ ਅਤੇ ਉਸ ਨੂੰ ਸ਼ੱਕ ਹੈ ਕਿ ਗੁਰਪ੍ਹੀਤ ਸਿੰਘ ਉਸ ਤੇ ਹਮਲਾ ਕਰ ਸਕਦਾ ਹੈ।
ਇਸ ਲਈ ਉਸ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ। ਮ੍ਰਿਤਕ ਦੇ ਕਰੀਬੀ ਅਨੁਸਾਰ ਉਸ ਸਮੇਂ ਐਸਐਚਓ ਸੁਮਨਪ੍ਰੀਤ ਕੌਰ ਤਾਂ ਸਾਇਦ ਥਾਣੇ ਵਿੱਚ ਮੌਜੂਦ ਨਹੀਂ ਸੀ ਪਰ ਥਾਣੇ ਵਿੱਚ ਮੌਜੂਦ ਮੁਨਸ਼ੀ ਨੇ ਉਹਨਾਂ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਨਾ ਤਾਂ ਇਸ ਵੇਲੇ ਸ਼ਰਾਬੀ ਵਿਅਕਤੀ ਨੂੰ ਥਾਣੇ ਲਿਆ ਕੇ ਬਿਠਾਇਆ ਜਾ ਸਕਦਾ ਹੈ ਅਤੇ ਨਾ ਹੀ ਗੁਰਜੀਤ ਸਿੰਘ ਨਾਲ ਸੁਰੱਖਿਆ ਕਰਮਚਾਰੀ ਭੇਜੇ ਜਾ ਸਕਦੇ ਹਨ ।
ਜੇਕਰ ਪੁਲਿਸ ਵੱਲੋਂ ਉਸ ਵੇਲੇ ਗੰਭੀਰਤਾ ਨਾਲ ਇਸ ਸ਼ਿਕਾਇਤ ਤੇ ਧਿਆਨ ਦਿੱਤਾ ਜਾਂਦਾ ਤਾਂ ਸ਼ਾਇਦ ਕਰੀਬ 25 ਦਿਨ ਪਹਿਲਾਂ ਪੁਰਤਗਾਲ ਤੋਂ ਵਾਪਸ ਚੱਕ ਸ਼ਰੀਫ ਪਰਤੇ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦੀ ਜਾਨ ਬਚ ਸਕਦੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿਕਾਇਤ ਦੇਣ ਤੋਂ ਲਗਭਗ ਡੇਢ ਘੰਟੇ ਬਾਅਦ ਖੇਤਾਂ ਵਿੱਚ ਇੱਕ ਖਾਲ ਦੇ ਝਗੜੇ ਦੇ ਚਲਦੇ ਗੁਰਜੀਤ ਸਿੰਘ ਦੇ ਤਾਏ ਦੇ ਲੜਕੇ ਗੁਰਪ੍ਰੀਤ ਸਿੰਘ ਵੱਲੋਂ ਅੰਨੇਵਾਹ ਛੁਰੀਆ ਮਾਰ ਮਾਰ ਕੇ ਨੌਜਵਾਨ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਦੀ ਪਤਨੀ ,ਮਾਂ ਅਤੇ ਦੋ ਭੈਣਾਂ ਨੂੰ ਵੀ ਨਾਮਜਦ ਕੀਤਾ ਗਿਆ ਹੈ।
ਜਦੋਂ ਮ੍ਰਿਤਕ ਗੁਰਜੀਤ ਸਿੰਘ ਦੀ ਸ਼ਿਕਾਇਤ ਬਾਰੇ ਥਾਣਾ ਭੈਣੀ ਮੀਆਂ ਖਾਂ ਦੀ ਐਸਐਚ ਓ ਸੁਮਨਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੀ ਕਿ ਕਤਲ ਤੋਂ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਗੁਰਜੀਤ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਅਤੇ ਦੋਹਾਂ ਪਾਰਟੀਆਂ ਨੂੰ ਆਮੋ ਸਾਹਮਣੇ ਬਿਠਾ ਕੇ ਗੱਲਬਾਤ ਕਰਾਉਣ ਲਈ ਸਵੇਰ ਦਾ ਸਮਾਂ ਦਿੱਤਾ ਗਿਆ ਸੀ ਪਰ ਸਵੇਰ ਹੋਣ ਤੋਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਵੱਲੋਂ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ।
ਸਵਾਲ ਇਹ ਹੈ ਕਿ ਜੇਕਰ ਮ੍ਰਿਤਕ ਗੁਰਜੀਤ ਸਿੰਘ ਨੇ ਆਪਣੇ ਕਤਲ ਦਾ ਸ਼ੱਕ ਜਾਹਰ ਕੀਤਾ ਸੀ ਤਾਂ ਉਸ ਦੀ ਸ਼ਿਕਾਇਤ ਤੇ ਗੰਭੀਰਤਾ ਨਾਲ ਗੌਰ ਕਰਦਿਆਂ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਵਲੋਂ ਘੱਟੋ ਘੱਟ ਕਥਤ ਕਾਤਲ ਤੇ ਨਜ਼ਰ ਰੱਖਣ ਜਾਂ ਫਿਰ ਗੁਰਜੀਤ ਸਿੰਘ ਦੀ ਸੁਰੱਖਿਆ ਦਾ ਇੰਤਜ਼ਾਮ ਤਾਂ ਕੀਤਾ ਜਾ ਸਕਦਾ ਸੀ।