ਸ਼ੁਭਕਰਨ ਦੀ Shotgun ਨਾਲ ਹੋਈ ਸੀ ਮੌਤ, ਪੁਲਿਸ ਕੋਲ ਨਹੀਂ ਹੁੰਦੀ ਸ਼ਾਰਟਗਨ- ਹਰਿਆਣਾ ਦਾ ਪੱਖ
ਚੰਡੀਗੜ੍ਹ, 10 ਜੁਲਾਈ 2024-ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਵਿਚ ਹਰਿਆਣਾ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਹਰਿਆਣਾ ਨੇ ਹਾਈਕੋਰਟ ਵਿਚ ਆਪਣਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ, ਪੁਲਿਸ ਕੋਲ ਸ਼ਾਰਟਗਨ ਨਹੀਂ ਹੁੰਦੀ। ਦੱਸ ਦਈਏ ਕਿ, ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਫਐਸਐਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੋ ਗੋਲੀ ਕਿਸਾਨ ਸ਼ੁਭਕਰਨ ਸਿੰਘ ਦੇ ਵੱਜੀ ਸੀ ਉਹ ਪੁਲਿਸ ਅਤੇ ਸੁਰੱਖਿਆ ਬਲ ਨੇ ਨਹੀਂ ਚਲਾਈ ਸੀ।
ਐਫਐਸਐਲ ਦੀ ਰਿਪੋਰਟ ਮੁਤਾਬਿਕ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ Shotgun 'ਚੋਂ ਚੱਲੀ ਗੋਲੀ ਕਾਰਨ ਹੋਈ ਹੈ। ਰਿਪੋਰਟ ਅਨੁਸਾਰ ਜਿਸ ਬੰਦੂਕ ਵਿੱਚੋਂ ਗੋਲੀ ਚੱਲੀ ਹੈ ਉਹ ਸਰਹੱਦ ’ਤੇ ਤੈਨਾਤ ਪੁਲਿਸ ਅਤੇ ਸੁਰੱਖਿਆ ਬਲਾਂ ਕੋਲ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਹੁਣ ਪਤਾ ਲਗਾਓ ਕਿ ਇਹ ਗੋਲੀ ਕਿਸ ਨੇ ਚਲਾਈ ਸੀ।
ਹਾਈਕੋਰਟ ਨੇ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ ਕਿ ਹੁਣ ਇਹ ਦੇਖੋ ਕੀ ਭੀੜ 'ਚ ਕਿਸ ਕੋਲ Shotgun ਸੀ, ਜਿਸ ਕਾਰਨ ਕਿਸਾਨ ਦੀ ਮੌਤ ਹੋਈ ਹੈ। ਹਾਈਕੋਰਟ ਨੇ ਕਿਹਾ ਕਿ ਉਸ ਦਿਨ ਦੇ ਪ੍ਰਦਰਸ਼ਨ ਦੀ ਵੀਡੀਓ ਫੁਟੇਜ ਦੇਖੀ ਜਾਣੀ ਚਾਹੀਦੀ ਹੈ ਅਤੇ ਪਛਾਣ ਕੀਤੀ ਜਾ ਸਕੇ ਕਿ ਗੋਲੀ ਕਿਸ ਨੇ ਚਲਾਈ ਸੀ।
ਹਾਈਕੋਰਟ ਵਿੱਚ ਦਾਇਰ ਕੀਤੀ ਗਈ ਰਿਪੋਰਟ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਕੋਲ ਬੰਦੂਕ ਹੁੰਦੀ ਤਾਂ ਉਹ ਆਪਣੇ ਭਰਾਵਾਂ ਨੂੰ ਹੀ ਕਿਉਂ ਮਾਰਦੇ। ਉਹਨਾਂ ਨੇ ਕਿਹਾ ਕਿ ਸਾਨੂੰ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਇਸ ਦੀ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇ।