ਅਮਿਤ ਸ਼ਾਹ ਭਲਕੇ 4 ਅਗਸਤ ਨੂੰ ਚੰਡੀਗੜ੍ਹ ’ਚ 162 ਕਰੋੜ ਰੁਪਏ ਦੇ 24×7 ਪਾਣੀ ਸਪਲਾਈ ਪ੍ਰਾਜੈਕਟ ਦਾ ਕਰਨਗੇ ਉਦਘਾਟਨ
ਚੰਡੀਗੜ੍ਹ, 3 ਅਗਸਤ, 2024: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ 4 ਅਗਸਤ ਨੂੰ ਚੰਡੀਗੜ੍ਹ ਵਿਚ 24×7 ਪਾਣੀ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਆਪਣੇ ਦੌਰੇ ਦੌਰਾਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਮੀਖਿਆ ਵੀ ਕਰਨਗੇ।
ਜਲ ਸਪਲਾਈ ਪ੍ਰਾਜੈਕਟ ਦੇ ਉਦਘਾਟਨ ਨਾਲ 1 ਲੱਖ ਲੋਕਾਂ ਨੂੰ ਲਾਭ ਮਿਲੇਗਾ। ਪ੍ਰਾਜੈਕਟ ਤਹਿਤ ਇਸ ਵੇਲੇ 1 ਲੱਖ 9 ਹਜ਼ਾਰ ਲੋਕਾਂ ਨੂੰ ਕਵਰ ਕੀਤਾ ਗਿਆ ਹੈ ਤੇ ਮਾਡਰਨ ਹਾਊਸਿੰਗ ਕੰਪਲੈਕਸ (ਐਮ ਐਚ ਸੀ), ਸ਼ਿਵਾਲਿਕ ਐਨਕਲੇਵ, ਇੰਦਰਾ ਗਾਂਧੀ, ਸ਼ਾਸਤਰੀ ਨਗਰ ਤੇ ਓਲਡ ਮਨੀ ਮਾਜਰਾ ਨੂੰ ਇਸ ਪਾਇਲਟ ਪ੍ਰਾਜੈਕਟ ਅਧੀਨ ਕਵਰ ਕੀਤਾ ਗਿਆ ਹੈ। ਭਾਵੇਂ 24×7 ਪਾਣੀ ਦੀ ਸਪਲਾਈ ਉਦਘਾਟਨ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ ਪਰ ਇਸਨੂੰ ਸੁਚੱਜੇ ਢੰਗ ਨਾਲ ਲੀਹ ’ਤੇ ਪਾਉਣ ਵਾਸਤੇ 4 ਤੋਂ 6 ਮਹੀਨੇ ਲੱਗ ਸਕਦੇ ਹਨ।
ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਸਮਾਰਟ ਸਿਟੀ ਲਿਮਟਿਡ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਿਵਾਲਿਕ ਗਾਰਡਨ ਮਨੀ ਮਾਜਰਾ ਵਿਖੇ ਪ੍ਰੋਗਰਾਮ ਵਾਲੀ ਥਾਂ ਤਿਆਰੀਆਂ ਮੁਕੰਮਲ ਕਰਨ ਵਿਚ ਲੱਗੇ ਹਨ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰਵਿਚ 21 ਕਿਲੋਮੀਟਰ ਜਲ ਸਪਲਾਈ ਲਾਈਨ ਵਿਛਾਈ ਗਈ ਹੈ। ਦੋ ਜ਼ਮੀਨਦੋਜ਼ ਜਲ ਕੁੰਡ ਬਣਾਏ ਗਏ ਹਨ। ਹਰ ਜਲਕੁੰਡ ਵਿਚ 2 ਮਿਲੀਅਨ ਗੈਲਨ ਪਾਣੀ ਰੋਜ਼ਾਨਾ ਸਟੋਰ ਕੀਤਾ ਜਾ ਸਕਦਾ ਹੈ।