ਬੰਗਲਾਦੇਸ਼ 'ਚ ਤਖਤਾਪਲਟ, ਫ਼ੌਜ ਨੇ ਸੰਭਾਲੀ ਕਮਾਨ, PM ਸ਼ੇਖ ਹਸੀਨਾ ਚੜ੍ਹੀ ਜਹਾਜ਼
ਬੰਗਲਾਦੇਸ਼, 5 ਅਗਸਤ 2024- ਬੰਗਲਾਦੇਸ਼ ਵਿੱਚ ਤਖਤਾਪਲਟ ਹੋ ਗਿਆ ਹੈ ਅਤੇ ਫ਼ੌਜ ਨੇ ਕਮਾਨ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਵੱਲੋਂ ਦੇਸ਼ ਵੀ ਛੱਡ ਦਿੱਤਾ ਗਿਆ।
ਦੱਸ ਦੇਈਏ ਕਿ ਬੰਗਲਾਦੇਸ਼ 'ਚ ਦੰਗੇ ਭੜਕ ਰਹੇ ਹਨ, ਇੱਥੇ ਵੱਡੀ ਗਿਣਤੀ 'ਚ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸਵੇਰੇ ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਝੜਪ ਵਿੱਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫਿਲਹਾਲ ਬੰਗਲਾਦੇਸ਼ 'ਚ ਕਰਫਿਊ ਲਗਾਇਆ ਗਿਆ ਹੈ ਅਤੇ ਫੌਜ ਤਾਇਨਾਤ ਹੈ। ਦੱਸ ਦੇਈਏ ਕਿ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਜਿਸ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਅਤੇ ਉਹ ਦੇਸ਼ ਛੱਡ ਕੇ ਚਲੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਹਾਊਸ ਵਿੱਚ ਦਾਖਲ ਹੋ ਗਏ ਹਨ।
ਇਸ ਦੇ ਨਾਲ ਹੀ ਦੇਸ਼ ਦੇ ਫੌਜ ਮੁਖੀ ਵਕਾਰ-ਉਜ਼-ਜ਼ਮਾਨ ਨੇ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਮੇਂ ਬੰਗਲਾਦੇਸ਼ 'ਚ ਵੱਡੇ ਪੱਧਰ 'ਤੇ ਅੱਗਜ਼ਨੀ ਅਤੇ ਹਿੰਸਾ ਹੋ ਰਹੀ ਹੈ।
ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਹੈ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਅਤੇ ਸਰਕਾਰੀ ਇਮਾਰਤਾਂ ਸਮੇਤ ਕਈ ਜਨਤਕ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇੱਥੇ ਵਿਦਿਆਰਥੀ ਰਾਖਵੇਂਕਰਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।