ਗੁਲਾਬ ਦੀ ਖੁਸ਼ਬੂ: ਕਾਨੂੰਨ ਤੋੜਨ ਵਾਲਿਆਂ ਦੇ ਕੰਡੇ ਕੱਢਣ ਲੱਗੀ ਟਰੈਫਿਕ ਪੁਲਿਸ
ਅਸ਼ੋਕ ਵਰਮਾ
ਬਠਿੰਡਾ, 5 ਅਗਸਤ 2024: ਬਠਿੰਡਾ ਟਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਦੀ ਹੌਂਸਲਾ ਅਫਜ਼ਾਈ ਕਰਨ ਦੀ ਪ੍ਰਕਿਰਿਆ ਵਿੱਢੀ ਹੈ ਤਾਂ ਜੋ ਦੀ ਦੇਖਾ ਦੇਖੀ ਕਾਨੂੰਨ ਤੋੜਨ ਵਾਲੇ ਵੀ ਉਨ੍ਹਾਂ ਰਾਹ ਤੇ ਤੁਰ ਸਕਣ। ਡੀਐਸਪੀ ਟਰੈਫਿਕ ਪ੍ਰਵੇਸ਼ ਚੋਪੜਾ ਨੇ ਅਜਿਹੇ ਲੋਕਾਂ ਨੂੰ ਫਰੈਂਡਸ਼ਿਪ ਡੇਅ ਮੌਕੇ ਗੁਲਾਬ ਭੇਂਟ ਕੀਤੇ ਅਤੇ ਆਵਾਜਾਈ ਦੇ ਨਿਯਮ ਮੰਨਣ ਪ੍ਰਤੀ ਸ਼ਲਾਘਾ ਵੀ ਕੀਤੀ। ਟਰੈਫਿਕ ਪੁਲਿਸ ਦੀ ਇਹ ਪਹਿਲ ਕਦਮੀ ਕਿੰਨਾਂ ਕੁ ਰੰਗ ਲਿਆਉਂਦੀ ਹੈ ਇਹ ਤਾਂ ਸਮਾਂ ਤੈਅ ਕਰੇਗਾ ਪਰ ਅਧਿਕਾਰੀਆਂ ਦੀ ਇਸ ਮੁਹਿੰਮ ਨੂੰ ਇੱਕ ਚੰਗੀ ਪਹਿਲਕਦਮੀ ਮੰਨਿਆ ਜਾ ਰਿਹਾ ਹੈ। ਨਵੀਂ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟਰੈਫਿਕ ਪੁਲਿਸ ਨੇ ਇਹ ਨਿਵੇਕਲਾ ਰਸਤਾ ਅਖਤਿਆਰ ਕੀਤਾ ਹੈ । ਐਸਐਸਪੀਨੇ ਆਖਿਆ ਸੀ ਕਿ ਉਹ ਸ਼ਹਿਰ ਵਿਚਲੀ ਆਵਾਜਾਈ ’ਚ ਸੁਧਾਰ ਲਿਆਉਣ ਲਈ ਢੁੱਕਵੇਂ ਕਦਮ ਚੁੱਕਣਗੇ।
ਟਰੈਫਿਕ ਪੁਲਿਸ ਮੁਲਾਜਮਾਂ ਦਾ ਕਹਿਣਾ ਹੈ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹਾਦਸੇ ਵਾਪਰਨ ਦੇ ਨਾਲ ਨਾਲ ਵਾਹਨ ਚਾਲਕ ਦੀ ਆਪਣੀ ਤੇ ਦੂਸਰਿਆਂ ਦੀ ਜਾਨ ਨੂੰ ਖਤਰਾ ਬਣਦਾ ਹੈ ਫਿਰ ਵੀ ਲੋਕ ਸੁਧਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਰੈਡ ਲਾਈਟ ਜੰਪ ਕਰਨਾ,ਸੜਕ ਤੇ ਸਟੰਟ,ਬਿਨਾਂ ਹੈਲਮਟ ਵਾਹਨ ਚਲਾਉਣ ਤੇ ਗੱਡੀ ਚਲਾਉਂਦਿਆਂ ਮੋਬਾਇਲ ਦੀ ਵਰਤੋਂ ਨੂੰ ਸਟੇਟਸ ਸਿੰਬਲ ਸਮਝਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਕਾਰਵਾਈ ਵੀ ਕਰਦੀ ਹੈ ਅਤੇ ਜੁਰਮਾਨੇ ਵੀ ਲਾਏ ਜਾਂਦੇ ਹਨ ਫਿਰ ਵੀ ਅਜਿਹੇ ਲੋਕਾਂ ਵੱਲੋਂ ਕੋਈ ਸਬਕ ਨਹੀਂ ਲਿਆ ਜਾਂਦਾ ਹੈ। ਹੈਰਾਨਕੁੰਨ ਹੈ ਕਿ ਬਠਿੰਡਾ ’ਚ ਬਰਨਾਲਾ ਬਾਈਪਾਸ ਤੇ ਦੋ ਚੌਂਕਾਂ ’ਚ ਲੱਗੀਆਂ ਟਰੈਫਿਕ ਲਾਈਟਾਂ ਉਲੰਘਣਾ ਦੇ ਮਾਮਲੇ ’ਚ ਪਹਿਲੇ ਸਥਾਨ ਤੇ ਹਨ ਜਿੱਥੇ ਅੱਖ ਦੇ ਫੋਰੇ ’ਚ ਹਾਦਸਾ ਵਾਪਰਦਾ ਹੈ ਫਿਰ ਵੀ ਲੋਕ ਨਿਯਮਾਂ ਪ੍ਰਤੀ ਬੇਪਰਵਾਹ ਹਨ।
ਟਰੈਫਿਕ ਪੁਲਿਸ ਦੇ ਇੱਕ ਪੁਲਿਸ ਮੁਲਾਜਮ ਨੇ ਦੱਸਿਆ ਕਿ ਇੰਨ੍ਹਾਂ ਦੋਵਾਂ ਥਾਵਾਂ ਤੇ ਤਾਂ ਆਵਾ ਹੀ ਊਤਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਦੌਰਾਨ ਗੰਭੀਰ ਜਖਮੀ ਹੋਣ ਦੇ ਬਾਵਜੂਦ ਲੋਕਾਂ ’ਚ ਕੋਈ ਸੁਧਾਰ ਨਹੀਂ ਜੋ ਇਹ ਦੱਸਣ ਲਈ ਕਾਫੀ ਹੈ ਕਿ ਲੋਕ ਹਜ਼ਾਰਾਂ ਰੁਪਿਆ ਇਲਾਜ਼ ਤੇ ਖਰਚ ਦਿੰਦੇ ਹਨ ਪਰ ਹਰੀ ਬੱਤੀ ਹੋਣ ਦਾ ਕੁੱਝ ਸਕਿੰਟ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹਨ। ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਹਨੂੰਮਾਨ ਚੌਂਕ ਵੀ ਖਤਰੇ ਵਾਲੇ ਸਥਾਨਾਂ ਚੋਂ ਪ੍ਰਮੁੱਖ ਹੈ ਜਿੱਥੇ ਜਿਆਦਾਤਰ ਸਮਾਂ ਟਰੈਫਿਕ ਪੁਲਿਸ ਵੀ ਤਾਇਨਾਤ ਰਹਿੰਦੀ ਹੈ। ਟਰੈਫਿਕ ਪੁਲਿਸ ਦੇ ਇੱਕ ਹੌਲਦਾਰ ਨੇ ਦੱਸਿਆ ਕਿ ਲਾਲ ਬੱਤੀ ਦੀ ਬਹੁਤੀ ਉਲੰਘਣਾ ਦੁਪਹੀਆ ਵਾਹਨ ਚਾਲਕ ਸਵਾਰ ਕਰਦੇ ਹਨ ਜਦੋਂਕਿ ਸਕੂਲ ਜਾਣ ਤੇ ਵਾਪਿਸ ਪਰਤਣ ਵੇਲੇ ਕੁੜੀਆਂ ਦਾ ਵੀ ਇਹੋ ਹਾਲ ਹੈ ।
ਇਵੇਂ ਹੀ ਲਾਈਟਾਂ ਜੰਪ ਕਰਨ ’ਚ ਕਾਰ ਚਾਲਕਾਂ ਦਾ ਦੂਸਰਾ ਸਥਾਨ ਹੈ ਜਦੋਂਕਿ ਕੌਮੀ ਮਾਰਗ ਤੇ ਵੱਡੇ ਖਤਰੇ ਵਾਲਾ ਸਥਾਨ ਹੋਣ ਦੇ ਬਾਵਜੂਦ ਵੱਡੀਆਂ ਗੱਡੀਆਂ ਰੈਡ ਲਾਈਟ ਜੰਪ ਕਰਦੀਆਂ ਦਿਖਾਈ ਦਿੰਦੀਆਂ ਹਨ। ਕਈ ਮੁੰਡੇ ਕੁੜੀਆਂ ਤਾਂ ਇਹੋ ਜਿਹੇ ਵੀ ਹਨ ਜਿੰਨ੍ਹਾਂ ਵੱਲੋਂ ਇੱਕੋ ਗਲ੍ਹਤੀ ਵਾਰ ਵਾਰ ਕੀਤੀ ਜਾਂਦੀ ਹੈ ਜਿਸ ਤੋਂ ਸਪਸ਼ਟ ਹੈ ਕਿ ਲੋਕਾਂ ’ਚ ਕਾਨੂੰਨ ਮੰਨਣ ਦੀ ਥਾਂ ਤੋੜਨ ਦੀ ਪ੍ਰਵਿਰਤੀ ਜਿਆਦਾ ਭਾਰੂ ਹੈ। ਟਰੈਫਿਕ ਪੁਲਿਸ ਮੁਲਾਜਮ ਆਖਦੇ ਹਨ ਕਿ ਪਿੰਡਾਂ ਚੋਂ ਸ਼ਹਿਰ ਆਉਣ ਵਾਲਿਆਂ ਚੋਂ ਬਹੁਤਿਆਂ ਦੀ ਕਾਰ ,ਮੋਟਰਸਾਈਕਲ ਜਾਂ ਹੋਰ ਗੱਡੀਆਂ ਬਿਨਾਂ ਬੀਮਾ ਹੁੰਦੀਆਂ ਹਨ ਅਤੇ ਦੁਪਹਂਆ ਵਾਹਨ ਚਾਲਕ ਹੈਲਮਟ ਪਾਉਣ ਨੂੰ ਆਪਣੀ ਹੱਤਕ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਲੋਕਾਂ ਦੇ ਲੱਖਾਂ ਰੁਪਏ ਜੁਰਮਾਨੇ ਦੇ ਰੂਪ ’ਚ ਤਾਂ ਭਰ ਦਿੰਦੇ ਹਨ ਨਿਯਮ ਮੰਨਣ ਨੂੰ ਤਿਆਰ ਨਹੀਂ ਹਨ।
ਪੰਜਾਬੀਆਂ ਦਾ ਦੁਖਾਂਤਕ ਪੱਖ
ਕੈਨੇਡਾ ਨਿਵਾਸੀ ਜਗਜੀਤ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਦੁਖਦਾਈ ਹੈ ਕਿ ਪੰਜਾਬ ’ਚ ਨਿਯਮਾਂ ਦੀ ਪਾਲਣਾ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ ਹੈ । ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ’ਚ ਜੇਕਰ ਕੋਈ ਵੀ ਚਾਲਕ ਇੱਕ ਹੀ ਤਰਾਂ ਦੀ ਗਲ੍ਹਤੀ ਬਾਰ ਬਾਰ ਦੁਹਰਾਉਂਦਾ ਹੈ ਤਾਂ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਇੰਨ੍ਹਾਂ ਮੁਲਕਾਂ ਦੇ ਮੂਲ ਨਾਗਰਿਕ ਹੀ ਨਹੀਂ ਬਲਕਿ ਹੋਰਨਾਂ ਥਾਵਾਂ ਤੋਂ ਜਾਣ ਵਾਲੇ ਲੋਕ ਕਾਨੂੰਨ ਮੰਨਦੇ ਹਨ।
ਬਦਲਣ ਦੀ ਜਰੂਰਤ: ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜੇਕਰ ਲੋਕ ਸੁਧਾਰਾਂ ਵੱਲ ਵਧਣ ਤਾਂ ਕਾਫੀ ਹੱਦ ਤੱਕ ਸੜਕਾਂ ਤੇ ਬਿਰਖ ਹੁੰਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਕਾਰਾਂ ਅਤੇ ਹੋਰ ਗੱਡੀਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਉਸ ਨੂੰ ਦੇਖਦਿਆਂ ਕਾਨੂੰਨ ਦਾ ਪਾਬੰਦ ਹੋਣਾ ਲਾਜਮੀ ਬਣਦਾ ਹੈ।
ਮੰਤਵ ਲੋਕਾਂ ਨੂੰ ਉਤਸ਼ਾਹਿਤ ਕਰਨਾ: ਡੀਐਸਪੀ
ਡੀ.ਐਸ.ਪੀ. ਟਰੈਫਿਕ ਪ੍ਰਵੇਸ਼ ਚੋਪੜਾ ਦਾ ਕਹਿਣਾ ਸੀ ਕਿ ਇਸ ਮੁਹਿੰਮ ਦਾ ਮਕਸਦ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਟਿੱਚ ਜਾਨਣ ਵਾਲਿਆਂ ਖਿਲਾਫ ਲਗਾਤਾਰ ਸ਼ਿਕੰਜਾ ਕਸਿਆ ਜਾਂਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਆਪਣੀ ਅਤੇ ਦੂਸਰਿਆਂ ਦੀ ਜਾਨ ਲਈ ਖਤਰਾ ਸਹੇੜ੍ਹਨ ਦੀ ਥਾਂ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਨਾਬਾਲਿਗ ਬੱਚਿਆਂ ਨੂੰ ਡਰਾਈਵਿੰਗ ਤੋਂ ਦੂਰ ਰੱਖਣ ਦੀ ਅਪੀਲ ਵੀ ਕੀਤੀ।