ਰਾਜਪੁਰਾ ਵਿਖੇ ਮੁੱਖ ਮੰਤਰੀ ਦੇ ਅਚਨਚੇਤ ਦੌਰੇ ਦੌਰਾਨ ਲੋਕਾਂ ਨੇ ਕੀਤਾ ਭਰਵਾਂ ਸਵਾਗਤ
ਨਿਰਪੱਖ, ਕੁਸ਼ਲ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਕੀਤਾ ਭਗਵੰਤ ਸਿੰਘ ਮਾਨ ਦਾ ਧੰਨਵਾਦ
ਰਾਜਪੁਰਾ (ਪਟਿਆਲਾ), 5 ਅਗਸਤ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜਪੁਰਾ ਤਹਿਸੀਲ ਕੰਪਲੈਕਸ ਵਿਖੇ ਅਚਨਚੇਤ ਦੌਰੇ ਦੌਰਾਨ ਲੋਕਾਂ ਨੇ ਸਾਫ਼-ਸੁਥਰਾ, ਕੁਸ਼ਲ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਲੋਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਲੋਕਾਂ ਦੇ ਕੰਮ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਨਿਰਵਿਘਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਮਿਲਿਆ ਹੈ ਜੋ ਲੋਕਾਂ ਲਈ ਹਰ ਸਮੇਂ ਮੋਬਾਈਲ ’ਤੇ ਵੀ ਉਪਲਬਧ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਨੂੰ ਇਸ ਤਰ੍ਹਾਂ ਮੁੱਖ ਮੰਤਰੀ ਨਾਲ ਖੜ੍ਹੇ ਹੋਣ ਦਾ ਮੌਕਾ ਮਿਲੇਗਾ।
ਡੀਐਸਪੀ ਦਫ਼ਤਰ ਵਿਖੇ ਇੱਕ ਔਰਤ ਸ਼ਿਕਾਇਤ ਦਰਜ ਕਰਵਾਉਣ ਲਈ ਆਈ ਸੀ ਤਾਂ ਮੁੱਖ ਮੰਤਰੀ ਨੇ ਖੁਦ ਦਖ਼ਲ ਦੇ ਕੇ ਕੇਸ ਦਰਜ ਕਰਵਾਇਆ। ਉਨ੍ਹਾਂ ਨੇ ਪੁਲਿਸ ਨੂੰ ਆਪਣੀਆਂ ਸੇਵਾਵਾਂ ਕੁਸ਼ਲਤਾ ਨਾਲ ਨਿਭਾਉਣ ਹਿੱਤ ਪੁਲਿਸ ਦੀਆਂ ਲੋੜਾਂ ਬਾਰੇ ਵੀ ਪੁੱਛਿਆ। ਜ਼ਮੀਨ ਦੀ ਰਜਿਸਟਰੀ ਕਰਵਾਉਣ ਸਬੰਧੀ ਪ੍ਰਕਿਰਿਆ ਦੌਰਾਨ ਮੁੱਖ ਮੰਤਰੀ ਨਾਲ ਤਸਵੀਰ ਖਿਚਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ।
ਲੋਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਵਿੱਚ ਮਹਿਜ਼ 30 ਮਿੰਟ ਲੱਗਦੇ ਹਨ ਕਿਉਂਕਿ ਸਟਾਫ਼ ਬਹੁਤ ਸਹਿਯੋਗੀ ਅਤੇ ਮਦਦਗਾਰ ਹੈ। ਜਦੋਂ ਇੱਕ ਪਿੰਡ ਦੇ ਲੋਕਾਂ ਨੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਦੇ ਚਾਲੂ ਨਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੰਡਰ ਬ੍ਰਿਜ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ।
ਲੋਕਾਂ ਨੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿੱਥੇ ਕੰਪਲੈਕਸ ਦੇ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹਨ। ਤਹਿਸੀਲਦਾਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਰ ਰੋਜ਼ 30-35 ਜ਼ਮੀਨੀ ਰਕਬਿਆਂ ਦੀ ਰਜਿਸਟਰੀ (ਡੀਡ) ਕੀਤੀ ਜਾਂਦੀ ਹੈ ਅਤੇ ਦਿਨ ਦਾ ਸਾਰਾ ਕੰਮ ਨਿਰਧਾਰਤ ਸਮੇਂ ’ਤੇ ਪੂਰਾ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਖ਼ੁਦ ਪੂਰੀ ਪ੍ਰਕਿਰਿਆ ਦਾ ਨਿਰੀਖਣ ਕੀਤਾ ਤਾਂ ਜੋ ਲੋਕਾਂ ਨਿਰਵਿਘਨ ਸੇਵਾਵਾਂ ਪ੍ਰਾਪਤ ਹੋਣ ਅਤੇ ਕਿਸੇ ਕਿਸਮ ਦੀ ਕੋਈ ਅਸੁਵਿਧਾ ਪੇਸ਼ ਨਾ ਆਵੇ।