ਕਨੇਡੀਅਨ ਮਾਸਟਰਜ਼ ਗੇਮਾਂ ਵਿੱਚ ਲਿਆ ਪੰਜਾਬੀ ਚੋਬਰਾਂ ਨੇ ਹਿੱਸਾ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ) : ਮਾਂਟਰੀਅਲ, ਕੈਨੇਡਾ ਵਿੱਚ 48ਵੀਂ ਕੈਨੇਡੀਅਨ ਮਾਸਟਰਜ਼ ਆਊਟਡੋਰ ਟਰੈਕ ਅਤੇ ਫੀਲਡ ਮੀਟ ਹੋਈ। ਇਸ ਵਿੱਚ ਵੱਖੋ ਵੱਖ ਦੇਸ਼ਾਂ ਤੋਂ ਅਥਲੀਟ ਪਹੁੰਚੇ ਹੋਏ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ ਤੋਂ ਪਹੁੰਚੇ ਪੰਜਾਬੀਆਂ ਨੇ ਹਿੱਸਾ ਲਿਆ। ਇਸ ਮੌਕੇ ਫਰਿਜਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਅਤੇ ਵੇਟ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਸ਼ਾਟ ਪੁਟ ਅਤੇ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਫਰਿਜ਼ਨੋ ਨਿਵਾਸੀ ਸੁਖਨੈਨ ਸਿੰਘ ਨੇ ਲੰਬੀ ਛਾਲ ਵਿੱਚ ਸੋਨ ਤਗਮਾ ਜਿੱਤਿਆ ਅਤੇ ਟ੍ਰਿਪਲ ਜੰਪ ਵਿੱਚ ਵੀ ਸੋਨ ਤਗਮਾ ਜਿੱਤਿਆ।
ਕਲੀਵਲੈਂਡ, ਓਹੀਓ ਦੇ ਗੁਰਦਿਆਲ ਸਿੰਘ ਨੇ 800 ਮੀਟਰ ਦੌੜ ਅਤੇ 1500 ਮੀਟਰ ਦੌੜ ਵਿੱਚ 2 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਉਸ ਨੇ 4x400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਉਸਨੇ 400 ਮੀਟਰ, 1500 ਮੀਟਰ ਰੇਸ ਵਾਕ ਅਤੇ 10 ਕਿਲੋ ਦੌੜ ਵਿੱਚ 3 ਕਾਂਸੀ ਦੇ ਤਗਮੇ ਵੀ ਜਿੱਤੇ।
ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਐਥਲੀਟ ਆਸਟ੍ਰੇਲੀਆ, ਨਿਊਜ਼ੀਲੈਂਡ, ਜਮਾਇਕਾ, ਤ੍ਰਿਨੀਦਾਦ, ਅਮਰੀਕਾ ਆਦਿ ਬਹੁਤ ਸਾਰੇ ਦੇਸ਼ਾਂ ਤੋਂ ਪਹੁੰਚੇ ਹੋਏ ਸਨ। ਇਸ ਟਰੈਕ ਅਤੇ ਫੀਲਡ ਮੀਟ ਵਿੱਚ ਦੁਨੀਆ ਭਰ ਦੇ 885 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਹਿੱਸਾ ਲਿਆ।