Paris Olympics 2024: ਛੋਰੀ ਧਾਕੜ ਐ! ਵਿਨੇਸ਼ ਫੋਗਾਟ ਨੇ ਸੈਮੀਫਾਈਨਲ 'ਚ ਰਚਿਆ ਇਤਿਹਾਸ (ਰਾਤ 12:18 'ਤੇ ਸਪੈਸ਼ਲ ਸਟੋਰੀ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਅਗਸਤ 2024- Paris Olympics 2024: ਪੈਰਿਸ ਓਲੰਪਿਕ ਦੇ 50 ਕਿਲੋ ਕੁਸ਼ਤੀ ਦੇ ਸੈਮੀਫਾਈਨਲ ਵਿੱਚ ਵਿਨੇਸ਼ ਫੋਗਾਟ ਦਾ ਸਾਹਮਣਾ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਹੋਵੇਗਾ। ਇਸ ਮੈਚ ਵਿੱਚ ਵਿਨੇਸ਼ ਫੋਗਾਟ ਨੇ 5-0 ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਹ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਪਹਿਲਵਾਨ ਹੈ।
ਫਾਈਨਲ ਵਿੱਚ ਥਾਂ ਬਣਾਉਣ ਮਗਰੋਂ ਉਸਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਵੀ ਪੱਕਾ ਕਰ ਲਿਆ ਹੈ। ਸਾਕਸ਼ੀ ਮਲਿਕ ਤੋਂ ਬਾਅਦ ਉਹ ਕੁਸ਼ਤੀ ਵਿੱਚ ਤਮਗਾ ਜਿੱਤਣ ਵਾਲੀ ਦੂਜੀ ਮਹਿਲਾ ਪਹਿਲਵਾਨ ਵੀ ਬਣ ਗਈ ਹੈ। ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਵਿਨੇਸ਼ ਫੋਗਾਟ ਨੇ ਮੈਚ ਵਿੱਚ ਪਹਿਲਾ ਅੰਕ ਹਾਸਲ ਕੀਤਾ ਸੀ। ਪਹਿਲੇ ਦੌਰ ਵਿੱਚ ਵਿਨੇਸ਼ ਫੋਗਾਟ ਨੇ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਕੋਈ ਮੌਕਾ ਨਹੀਂ ਦਿੱਤਾ। ਕਿਊਬਾ ਦੀ ਯੁਸਨੇਲਿਸ ਗੁਜ਼ਮੈਨ ਲੋਪੇਜ਼ ਨੇ ਲਗਾਤਾਰ ਵਿਨੇਸ਼ ਫੋਗਾਟ ਦੀ ਲੱਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਪਰ ਵਿਨੇਸ਼ ਫੋਗਾਟ ਨੇ ਚੰਗੇ ਡਿਫੈਂਸ ਨਾਲ ਉਸ ਨੂੰ ਇਕ ਵੀ ਅੰਕ ਨਹੀਂ ਬਣਨ ਦਿੱਤਾ ਅਤੇ ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੇ ਮੈਚ 'ਚ 5-0 ਦੀ ਬੜ੍ਹਤ ਬਣਾ ਲਈ ਸੀ। ਮੈਚ ਦੇ ਅੰਤ 'ਚ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਨੇਸ਼ ਫੋਗਾਟ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਇਕਤਰਫਾ ਜਿੱਤ ਦਰਜ ਕੀਤੀ।
ਵਿਨੇਸ਼ ਫੋਗਾਟ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਸਾਨਾ ਲਿਵਾਚ ਨੂੰ ਰੋਮਾਂਚਕ ਮੁਕਾਬਲੇ ਵਿੱਚ 7-5 ਨਾਲ ਹਰਾਇਆ। ਇਸ ਤੋਂ ਇਲਾਵਾ ਪਹਿਲੇ ਮੈਚ ਵਿੱਚ ਉਸ ਨੇ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਸੁਸਾਕੀ ਨੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ।
ਵਿਨੇਸ਼ ਦੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਬਾਅਦ ਬਜਰੰਗ ਪੂਨੀਆ ਨੇ ਉਸਨੂੰ ਵਧਾਈ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਲਿਖਿਆ, 'ਵਿਨੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਮਹਿਲਾ ਕੁਸ਼ਤੀ ਵਿੱਚ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਅੱਜ ਸਾਰੇ ਭਾਰਤੀਆਂ ਦੀਆਂ ਅੱਖਾਂ ਵਿੱਚ ਹੰਝੂ ਹਨ। ਇਹ ਦੇਸ਼ ਦੀਆਂ ਧੀਆਂ ਹਨ, ਜਿਨ੍ਹਾਂ ਨੇ ਹਮੇਸ਼ਾ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿਨ੍ਹਾਂ ਨੇ ਇਨ੍ਹਾਂ ਧੀਆਂ ਦੇ ਰਾਹ ਵਿਚ ਹਮੇਸ਼ਾ ਕੰਡੇ ਵਿਛਾਏ ਹਨ, ਉਹ ਘੱਟੋ-ਘੱਟ ਇਨ੍ਹਾਂ ਧੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿਚ ਇਨ੍ਹਾਂ ਧੀਆਂ ਦੇ ਰਾਹ ਵਿਚ ਕੰਡੇ ਬੀਜਣ ਤੋਂ ਗੁਰੇਜ਼ ਕਰਨਗੇ।